-ਅਵਤਾਰ ਸਿੰਘ;
ਰਿਆਸਤ ਪਟਿਆਲਾ ਤੇ ਰਿਆਸਤ ਨਾਭਾ ਦੇ ਮਹਾਰਾਜੇ ਇਕੋ ਖਾਨਦਾਨ ਫੂਲਕੀਆ ਵਿੱਚੋਂ ਸਨ, ਪਰ ਇਹਨਾਂ ਵਿੱਚ ਕਈ ਪੱਖਾਂ ਤੋਂ ਸਾਂਝ ਹੁੰਦੇ ਹੋਏ ਇਨਾਂ ਦੋਹਾਂ ਦੇ ਸਮਾਜਿਕ ਵਿਹਾਰ ਤੇ ਜੀਵਨ ਅਚਾਰ ਵਿੱਚ ਬੜਾ ਅੰਤਰ ਸੀ।
ਮਹਾਰਾਜਾ ਪਟਿਆਲਾ ਅੰਗਰੇਜ਼ ਪਿਠੂ ਸੀ ਜਦਕਿ ਮਹਾਰਾਜਾ ਨਾਭਾ ਧਾਰਮਿਕ ਤੇ ਸਮਾਜਿਕ ਬਿਰਤੀ ਵਾਲਾ ਸੀ, ਜਿਸ ਨੇ ਦਿਲੀ ਦੇ ਰਕਾਬ ਗੰਜ ਗੁਰਦੁਆਰੇ ਦੀ ਕੰਧ ਵਿਚੋਲਾ ਬਣ ਕੇ ਮੁੜ ਉਸਾਰੀ ਕਰਵਾਈ ਸੀ।
ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਨਾਭਾ ਦੇ ਮਹਾਰਾਜੇ ਰਿਪੂਦਮਨ ਸਿੰਘ ਖਿਲਾਫ ਅੱਠ ਇਲਜ਼ਾਮਾਂ ਦਾ ਪੱਤਰ ਭਾਰਤ ਸਰਕਾਰ ਨੂੰ ਦਿੱਤਾ ਸੀ। ਇਸ ਵਿੱਚ ਮਹਾਰਾਜਾ ਨਾਭਾ ‘ਪੰਥ ਸੇਵਕ’ ਅਖਬਾਰ ਦੇ ਐਡੀਟਰ ਤੇ ਨਾਮਿਲਵਰਤਣੀਆਂ ਦੀ ਮਾਲੀ ਮਦਦ ਕਰਦਾ ਹੈ। ਸ਼੍ਰੋਮਣੀ ਕਮੇਟੀ ਨੂੰ ਭੇਤ ਤੇ ਪੈਸਾ ਦਿੰਦਾ ਹੈ।
4-1-1923 ਨੂੰ ਮਿਸਟਰ ਸਟੂਅਰਡ ਨੇ ਇਸ ਦੀ ਪੜਤਾਲ ਸ਼ੁਰੂ ਕੀਤੀ ਤੇ ਛੇ ਦੋਸ਼ ਸਹੀ ਠਹਿਰਾ ਕੇ ਮਹਾਰਾਜੇ ਨੂੰ ਗਦੀ ਤੋਂ ਬਰਤਰਫ ਕਰਨ ਦਾ ਫੈਸਲਾ ਕੀਤਾ। 9-7-1923 ਨੂੰ ਅਖਬਾਰਾਂ ਵਿੱਚ ਇਹ ਖਬਰ ਛਪੀ ਕਿ ਮਹਾਰਾਜੇ ਨੂੰ ਗੱਦੀ ਤੋਂ ਲਾਹ ਕੇ ਦੇਸ਼ ਨਿਕਾਲਾ ਦੇ ਦਿੱਤਾ ਹੈ।
ਨਾਭਾ ਸਿੱਖ ਸਿਆਸਤ ਹੋਣ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛੇ ਅਗਸਤ ਨੂੰ ਮੀਟਿੰਗ ਕਰਕੇ ਪੜਤਾਲੀਆ ਕਮੇਟੀ ਬਣਾਈ ਕਿ ਮਹਾਰਾਜੇ ਨੇ ਆਪ ਗੱਦੀ ਛੱਡੀ ਹੈ ਜਾਂ ਗੱਦੀ ਤੋਂ ਸਰਕਾਰ ਨੇ ਲਾਹਿਆ ਹੈ। 9 ਸਤੰਬਰ ਨੂੰ ਰੋਸ ਦਿਵਸ ਮਨਾਇਆ ਗਿਆ। 11 ਸਤੰਬਰ ਨੂੰ 110 ਤੇ 14 ਨੂੰ 102 ਸਿੰਘਾਂ ਦਾ ਜਥਾ ਜੈਤੋ ਪਹੁੰਚਾ।
14 ਸਤੰਬਰ ਨੂੰ ਉਥੋਂ ਦੇ ਗੁਰਦੁਆਰੇ ਵਿੱਚ ਚਲ ਰਹੇ ਅਖੰਡ ਪਾਠ ਤੇ ਬਾਹਰ ਦੀਵਾਨ ਨੂੰ ਪੁਲਿਸ ਨੇ ਰੋਕ ਕੇ ਗ੍ਰੰਥੀ ਇੰਦਰ ਸਿੰਘ ਸਮੇਤ ਕਈਆਂ ਨੂੰ ਗਿਰਫਤਾਰ ਕਰ ਲਿਆ। 15 ਸਤੰਬਰ ਤੋਂ ਜਥੇ ਜਾਣੇ ਸ਼ੁਰੂ ਹੋ ਗਏ।
ਜੈਤੋ ਮੋਰਚੇ ਦੀ ਚੜਤ ਨੂੰ ਵੇਖ ਕੇ ਸਰਕਾਰ ਬੌਖਲਾ ਗਈ ਤੇ ਉਸਨੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਗੈਰ-ਕਾਨੂੰਨੀ ਦੇ ਕੇ ਇਸ ਦੇ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ। 21 ਫਰਵਰੀ ਨੂੰ 6000 ਦੇ ਕਰੀਬ ਹੋਏ ਇਕੱਠ ‘ਤੇ ਪੁਲਿਸ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਮੋਰਚਾ ਕਮੇਟੀ ਦੀ ਰਿਪੋਰਟ ਮੁਤਾਬਕ 90 ਦੀ ਮੌਤ ਹੋ ਗਈ ਤੇ 210 ਜਖ਼ਮੀ ਹੋਏ। ਜਦ ਡਾ ਸੈਫਲੂਦੀਨ ਕਿਚਲੂ ਨੂੰ ਪਤਾ ਲਗਾ ਤਾਂ ਉਥੇ ਪਹੁੰਚਣ ‘ਤੇ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ।
14 ਮਾਰਚ, 1924 ਨੂੰ ਦੂਜਾ ਤੇ 7 ਅਪ੍ਰੈਲ ਨੂੰ ਤੀਜਾ ਜੱਥਾ ਪਹੁੰਚਣ ‘ਤੇ ਗ੍ਰਿਫਤਾਰ ਕਰ ਲਿਆ। ਮੋਰਚੇ ਦੇ ਸ਼ੁਰੂ ਹੋਣ ਦਾ ਕਾਰਣ ਭਾਂਵੇ ਮਹਾਰਾਜੇ ਨਾਭੇ ਨੂੰ ਗੱਦੀ ਤੋਂ ਲਾਹੁਣ ਨਾਲ ਸਬੰਧਤ ਸੀ ਪਰ ਮੋਰਚੇ ਚਲਦੇ ਸਮੇਂ ਗੁਰਦੁਆਰਾ ਗੰਗਸਰ ਅੰਦਰ ਅਖੰਡ ਪਾਠ ਦਾ ਹੱਕ ਸਿੱਧਾ ਸਵਾਲ ਧਰਮ ਸਥਾਨਾਂ ਅੰਦਰ ਪੂਜਾ ਹੱਕ ਦਾ ਮੁੱਖ ਸਵਾਲ ਬਣ ਗਿਆ।
ਆਖਰ ਸਰਕਾਰ ਨਾਲ 7 ਜੁਲਾਈ ਨੂੰ ਅਖੰਡ ਪਾਠ ਕਰਨ ਬਾਰੇ ਗੱਲਬਾਤ ਹੋਈ ਤੇ 21 ਜੁਲਾਈ ਨੂੰ ਅਖੰਡ ਪਾਠ ਦੀ ਲੜੀ ਦਾ ਆਰੰਭ ਹੋਇਆ। ਛੇ ਅਗਸਤ ਨੂੰ ਅਖੰਡ ਪਾਠ ਦਾ ਭੋਗ ਪਿਆ। 19 ਅਗਸਤ ਨੂੰ ਮੋਰਚੇ ਵਿਚ ਹਿੱਸਾ ਲੈਣ ਵਾਲਿਆਂ ਨੂੰ ਅੰਮ੍ਰਿਤਸਰ ਵਿਖੇ ਪਹੁੰਚਣ ‘ਤੇ ਸਰੋਪੇ ਦੇ ਕੇ ਸਨਮਾਨਿਆ ਗਿਆ।