ਨਿਊਜ਼ ਡੈਸਕ: ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਜੇਲ ਤੋਂ ਇੱਕ ਨਿਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕਈ ਵੱਡੇ ਖੁਲਾਸੇ ਕੀਤੇ ਹਨ। ਲਾਰੈਂਸ ਬਿਸ਼ਨੋਈ ਇਨ੍ਹੀਂ ਦਿਨੀਂ ਬਠਿੰਡਾ ਕੇਂਦਰੀ ਜੇਲ੍ਹ ’ਚ ਬੰਦ ਹੈ। ਮਾਮਲੇ ’ਤੇ ਜੇਲ੍ਹ ਸੁਪਰਡੈਂਟ ਐੱਨਡੀ ਨੇਗੀ ਦਾ ਕਹਿਣਾ ਹੈ ਕਿ ਇਹ ਇੰਟਰਵਿਊ ਬਠਿੰਡਾ ਜੇਲ੍ਹ ਦਾ ਨਹੀਂ ਹੈ, ਬਲਕਿ ਪੁਰਾਣਾ ਹੈ। ਲਾਰੈਂਸ ਨੇ ਕਿਹਾ, ਮੈਂ ਸਿੱਧੂ ਵਰਗਾ ਨਹੀਂ ਹਾਂ, ਮੈਂ ਪਾਕਿਸਤਾਨ ਦੇ ਨਾਲ-ਨਾਲ ਕੱਟੜਪੰਥੀ ਦੇ ਖਿਲਾਫ ਵੀ ਹਾਂ। ਉਨ੍ਹਾਂ ਕਿਹਾ, ਮੈਂ ਰਾਸ਼ਟਰਵਾਦੀ ਹਾਂ, ਦੇਸ਼ ਭਗਤ ਹਾਂ, ਮੈਂ ਹੀ ਨਹੀਂ, ਮੇਰੇ ਗੈਂਗ ਦੇ ਸਾਰੇ ਲੋਕ ਦੇਸ਼ ਭਗਤ ਹਨ। ਅਸੀਂ ਉਨ੍ਹਾਂ ਦੇ ਖਿਲਾਫ ਹਾਂ ਜੋ ਦੇਸ਼ ਦੇ ਖਿਲਾਫ ਹਨ।
ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਬਲਕੌਰ ਸਿੰਘ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਉਸ ਦੀ ਸ਼ਿਕਾਇਤ ਉਤੇ ਪੰਜਾਬ ਪੁਲਿਸ ਨੇ ਕਈ ਅਜਿਹੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਲਕੌਰ ਸਿੰਘ ਨੂੰ ਧਮਕੀਆਂ ਦੇਣ ਦੇ ਸਵਾਲ ਉਤੇ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਜਿਹੀ ਕੋਈ ਚਿੱਠੀ ਨਹੀਂ ਲਿਖੀ ਗਈ। ਜੇ ਕਿਸੇ ਹੋਰ ਨੇ ਅਜਿਹਾ ਕੀਤਾ ਹੈ, ਮੈਨੂੰ ਇਸ ਬਾਰੇ ਪਤਾ ਨਹੀਂ ਹੈ। ਗੈਂਗਸਟਰ ਲਾਰੈਂਸ ਨੇ ਕਿਹਾ ਕਿ ਉਹ (ਬਲਕੌਰ ਸਿੰਘ) ਮੇਰੇ ਬਜ਼ੁਰਗ ਵਰਗਾ ਹੈ। ਅਸੀਂ ਉਸ (ਸਿੱਧੂ ਮੂਸੇਵਾਲਾ) ਦੇ ਪਰਿਵਾਰ ਨੂੰ ਕਦੇ ਵੀ ਨਿਸ਼ਾਨਾ ਨਹੀਂ ਬਣਾਇਆ। ਉਹ (ਸਿੱਧੂ ਮੂਸੇਵਾਲਾ ਦਾ ਪਿਤਾ) ਸਾਡੇ ਖਿਲਾਫ ਬੋਲ ਰਿਹਾ ਹੈ। ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦਿਆਂ ਲਾਰੈਂਸ ਬਿਸ਼ਨੋਈ ਨੇ ਕਿਹਾ, ‘ਸਾਡੇ ਭਰਾ ਦਾ ਕਤਲ ਕਰਵਾਉਣ ‘ਚ ਉਸ ਦਾ ਹੱਥ ਸੀ। ਗੁਰੂਲਾਲ ਨੂੰ, ਵਿੱਕੀ ਨੂੰ. ਸਾਡੇ ਉਸ ਦੇ ਪਰਿਵਾਰ ਨਾਲ ਨਹੀਂ ਸਗੋਂ ਉਸ ਨਾਲ ਮਤਭੇਦ ਸਨ। ਉਸ ਨੇ ਸਾਡੇ ਭਰਾਵਾਂ ਨੂੰ ਮਰਵਾਇਆ, ਇਸ ਲਈ ਸਾਡੇ ਭਰਾਵਾਂ ਨੇ ਉਸ (ਮੂਸਾਵਾਲਾ) ਨੂੰ ਮਾਰਿਆ ਹੋਵੇਗਾ। ਸਾਡਾ ਉਸ ਦੇ ਪਿਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।”
ਲਾਰੈਂਸ ਨੇ ਦੱਸਿਆ ਕਿ ਅੱਜ ਤੱਕ ਉਸ ‘ਤੇ ਕਿਸੇ ਵੀ ਮਾਮਲੇ ‘ਚ ਦੋਸ਼ ਸਾਬਤ ਨਹੀਂ ਹੋਇਆ ਅਤੇ ਉਹ 9 ਸਾਲਾਂ ਤੋਂ ਬਿਨਾਂ ਕਿਸੇ ਸਜ਼ਾ ਦੇ ਜੇਲ੍ਹ ‘ਚ ਬੰਦ ਹੈ।
ਇਸ ਇੰਟਰਵਿਊ ਤੋਂ ਬਾਅਦ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਬੇਹੱਦ ਸੰਵੇਦਨਸ਼ੀਲ ਮਾਮਲਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਜੇਲ੍ਹ ਤੋਂ ਇੰਟਰਵਿਊ ਕਿਵੇਂ ਹੋ ਗਈ, ਇਸ ਨੂੰ ਕਰਵਾਉਣ ’ਚ ਕਿਸਦਾ ਹੱਥ ਹੈ। ਇਸਦੀ ਵੀ ਜਾਂਚ ਹੋਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਸ਼ੱਕੀ ਨੂੰ ਇੰਟਰਵਿਊ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਹ ਹੱਤਿਆ ਕਾਂਡ ’ਚ ਮਿਲੀਭੁਗਤ ਨੂੰ ਦਰਸਾਉਂਦਾ ਹੈ। ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
ਕਾਂਗਰਸ ਨੇਤਾ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਲ੍ਹ ਤੋਂ ਇੰਟਰਵਿਊ ਹੋਣ ਸਬੰਧੀ ਪਤਾ ਲੱਗਾ ਹੈ। ਇਹ ਜਾਂਚ ਦਾ ਵਿਸ਼ਾ ਹੈ। ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਜੇਲ੍ਹ ਤੋਂ ਇਕ ਅਪਰਾਧੀ ਦੀ ਇੰਟਰਵਿਊ ਕਿਵੇਂ ਹੋ ਸਕਦੀ ਹੈ। ਉਹ ਵੀ ਉਸਦੀ ਜੋ ਇੰਨੇ ਵੱਡੇ ਜੁਰਮ ਦਾ ਮੁਲਜ਼ਮ ਹੈ। ਇਹ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ। ਜੇਲ੍ਹਾਂ ’ਚ ਮੋਬਾਈਲ ਦੀ ਵਰਤੋਂ ਹੋ ਰਹੀ ਹੈ।