ਮਲੇਰਕੋਟਲਾ : ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉੱਠਦੀ ਮੰਗ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਹਰ ਵਰਗ ਹਰ ਵਿਅਕਤੀ ਜੋ ਇਨਸਾਫ ਪਸੰਦ ਹੈ ਉਸ ਵੱਲੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਜਿਸਦੇ ਚਲਦਿਆਂ ਮਲੇਰਕੋਟਲਾ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਪ੍ਰਦਰਸ਼ਨ ਕੀਤਾ ਗਿਆ ।
ਉਨ੍ਹਾਂ ਕਿਹਾ ਕਿ ਅੱਜ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਬੰਦੀ ਸਿੱਖਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਅਤੇ ਜ਼ਬਰਦਸਤੀ ਉਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਹੈ । ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਬੰਦੀ ਸਿੰਘਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ ਅਤੇ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।ਉਨ੍ਹਾਂ ਕਿਹਾ ਕਿ ਕਾਨੂੰਨ ਦੀ ਨਿਗਾ ਦੇ ਵਿੱਚ ਸਾਰੇ ਬਰਾਬਰ ਹਨ ਪਰ ਅੱਜ ਘੱਟ ਗਿਣਤੀਆਂ ਦੇ ਨਾਲ ਭਾਰਤ ਦੇ ਵਿੱਚ ਵਿਤਕਰਾ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇਕਰ ਕਾਨੂੰਨ ਦੇ ਮੁਤਾਬਕ ਸਾਰੇ ਬਰਾਬਰ ਹਨ ਤਾਂ ਫਿਰ ਅੱਜ ਬਿਲਕਿਸ ਬਾਨੋ ਰਾਜੀਵ ਗਾਂਧੀ ਦੇ ਕਾਤਲ ਬਾਹਰ ਕਿਉਂ ਹਨ ਅਤੇ ਉਨ੍ਹਾਂ ਨੂੰ ਵੱਡੇ ਅਹੁਦਿਆਂ ਤੇ ਕਿਉਂ ਰੱਖਿਆ ਜਾ ਰਿਹਾ ਹੈ ? ਦੂਜੇ ਪਾਸੇ ਘੱਟਗਿਣਤੀਆਂ ਨੂੰ ਹਮੇਸ਼ਾ ਨਿਸ਼ਾਨੇ ‘ਤੇ ਰੱਖਿਆ ਜਾਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਈ ਗੁਰਦੀਪ ਖੇੜਾ 32 ਸਾਲ ਤੋਂ ਸੈਂਟਰਲ ਜੇਲ੍ਹ ਅੰਮ੍ਰਿਤਸਰ, ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ 28 ਸਾਲ,ਭਾਈ ਬਲਵੰਤ ਸਿੰਘ ਰਾਜੋਆਣਾ 27 ਸਾਲ ਤੋਂ ਸੈਂਟਰਲ ਜੇਲ੍ਹ ਪਟਿਆਲਾ ਭਾਈ ਜਗਤਾਰ ਸਿੰਘ ਹਵਾਰਾ 27 ਸਾਲ ਤੋਂ ਸੈਂਟਰਲ ਜੇਲ੍ਹ ਤੇਹਾੜ ਦਿੱਲੀ ਭਾਈ ਲਖਵਿੰਦਰ ਸਿੰਘ ਲੱਖਾ 27 ਸਾਲ ਤੋਂ ਮਾਡਲ ਜੇਲ੍ਹ ਬੁੜੈਲ ਚੰਡੀਗੜ੍ਹ ਭਾਈ ਗੁਰਮੀਤ ਸਿੰਘ 27 ਸਾਲ ਤੋਂ ਮਾਡਲ ਜੇਲ੍ਹ ਬੁੜੈਲ ਚੰਡੀਗੜ੍ਹ, ਭਾਈ ਸ਼ਮਸ਼ੇਰ ਸਿੰਘ 27 ਸਾਲ ਤੋਂ ਮਾਡਲ ਜੇਲ੍ਹ ਬੁੜੈਲ ਚੰਡੀਗੜ੍ਹ, ਭਾਈ ਪਰਮਜੀਤ ਸਿੰਘ ਭਿਉਰਾ 25 ਸਾਲ ਤੋਂ ਮਾਡਲ ਜੇਲ੍ਹ ਬੁੜੈਲ ਚੰਡੀਗੜ੍ਹ ਅਤੇ ਭਾਈ ਜਗਤਾਰ ਸਿੰਘ ਤਾਰਾ 17 ਸਾਲ ਤੋਂ ਮਾਡਲ ਜੇਲ੍ਹ ਬੁੜੈਲ ਚੰਡੀਗੜ੍ਹ ਵਿੱਚ ਬੰਦੀ ਹਨ।