ਅੰਮ੍ਰਿਤਸਰ : ਪਿਛਲੇ ਕੁਝ ਦਿਨ ਤੋਂ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਜਿੱਥੇ ਸਿਆਸੀ ਰੇੜਕਾ ਚੱਲ ਰਿਹਾ ਸੀ ਤਾਂ ਹੁਣ ਭਾਵੇਂ ਇਹ ਚੋਣ ਖਤਮ ਵੀ ਹੋ ਗਈ ਹੈ ਪਰ ਫਿਰ ਵੀ ਸਿਆਸੀ ਗਲਿਆਰਿਆਂ ਦੀਆਂ ਚਰਚਾਵਾਂ ਰੁਕਣ ਦੀ ਬਜਾਏ ਹੋਰ ਤੇਜ਼ ਹੋ ਗਈਆਂ ਹਨ। ਦਰਅਸਲ ਅੱਜ ਬੀਬੀ ਜਗੀਰ ਕੌਰ ਨੂੰ ਹਰਾ ਕੇ ਸ. ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਪ੍ਰਧਾਨ ਬਣੇ ਹਨ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਨੂੰ ਹਰਾਉਣ ਲਈ ਬਹੁਤ ਜੋਰ ਲਾਇਆ ਗਿਆ ਸੀ ਪਰ ਫਿਰ ਉਹ ਹਰਾ ਨਹੀਂ ਸਕੇ।ਇਸ ਮਸਲੇ ‘ਤੇ ਹੁਣ ਸਿਆਸੀ ਬਿਆਨਬਾਜੀਆਂ ਸ਼ੁਰੂ ਹੋ ਗਈਆਂ ਹਨ।
ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਹਰਜਿੰਦਰ ਸਿੰਘ ਧਾਮੀ ‘ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਪ੍ਰਧਾਨ ਚੁਣੇ ਗਏ ਹਨ ਅਜਿਹੀਆਂ ਬਿਆਨੀਆਂ ਉਨ੍ਹਾਂ ਨੂੰ ਸੋਭਦੀਆਂ ਨਹੀਂ। ਕੰਗ ਦਾ ਕਹਿਣਾ ਹੈ ਕਿ ਕੱਲ੍ਹ ਤੱਕ ਅਕਾਲੀ ਦਲ ਵੱਲੋਂ ਸਿਰਫ ‘ਤੇ ਸਿਰਫ ਭਾਜਪਾ ‘ਤੇ ਦੋਸ਼ ਲਾਇਆ ਜਾ ਰਿਹਾ ਸੀ ਕਿ ਉਹ ਕਮੇਟੀ ਦੀਆਂ ਚੋਣਾਂ ‘ਚ ਦਖਲ ਅੰਦਾਜੀ ਕਰ ਰਹੇ ਹਨ। ਹਾਲਾਂਕਿ ਇਹ ਲੰਮਾਂ ਸਮਾਂ ਉਨ੍ਹਾਂ ਦੇ ਭਾਈਵਾਲ ਰਹੇ ਹਨ। ਕੰਗ ਦਾ ਕਹਿਣਾ ਹੈ ਕਿ ਜਿਸ ਤਰੀਕੇ ਸ਼੍ਰੋਮਣੀ ਗੁ. ਪ੍ਰ. ਕਮੇਟੀ ਦਾ ਪ੍ਰਬੰਧ ਟੌਹੜਾ ਵੱਲੋਂ ਚਲਾਇਆ ਜਾਂਦਾ ਸੀ ਅੱਜ ਵੀ ਉਸੇ ਤਰੀਕਾ ਚੱਲਣਾ ਚਾਹੀਦਾ ਹੈ।