-ਅਵਤਾਰ ਸਿੰਘ
ਇਸਲਾਮੀ ਦੇਸ਼ਾਂ ਵਿੱਚ ਬਲੱਡ ਮਨੀ ਨੂੰ ‘ਦੀਆ’ ਕਿਹਾ ਜਾਂਦਾ ਜੋ ਕਾਨੂੰਨੀ ਤੌਰ ‘ਤੇ ਪ੍ਰਵਾਨਿਤ ਹੈ। ਇਸਲਾਮੀ ਕਾਨੂੰਨ ਵਿਚ ਮਕਤੂਲ ਦੇ ਵਾਰਸਾਂ ਵਲੋਂ ਦੁਸ਼ਮਣੀ ਅੱਗੇ ਨਾ ਵਧਾਉਣ ਅਤੇ ਰਹਿਮ ਕਾਰਨ ਕਾਤਲ ਨੂੰ ਮੁਆਫ ਕਰ ਦੇਣ ਦੀ ਅਵਸਥਾ ਹੈ।
ਇਹ ਦੋ ਕਿਸਮ ਦੀ ਹੁੰਦੀ ਹੈ ਇਕ ਬਲੱਡ ਮਨੀ ਜੱਜ ਕਤਲ ਜਾਂ ਹੋਰ ਫੌਜਦਾਰੀ ਕੇਸਾਂ ਵਿੱਚ ਸ਼ਜਾ ਸੁਣਾਉਣ ਸਮੇਂ ਜੁਰਮਾਨੇ ਦੇ ਰੂਪ ਵਿੱਚ ਮੁਲਜ਼ਮ ਤੋਂ ਵਸੂਲ ਕਰਕੇ ਮਕਤੂਲ ਦੇ ਵਾਰਸਾਂ ਨੂੰ ਦਿੰਦਾ ਹੈ ਭਾਵ ਸਜਾ ਵੀ ਮਿਲਦੀ ਹੈ ਤੇ ਬਲੱਡ ਮਨੀ ਵੀ ਦੇਣੀ ਪੈਂਦੀ ਹੈ।
ਦੂਸਰੀ ਕਿਸਮ ਵਿੱਚ ਜਖ਼ਮੀ ਜਾਂ ਮਕਤੂਲ ਦੇ ਵਾਰਸ ਦੋਸ਼ੀ ਤੋਂ ਭਾਰੀ ਮੁਆਵਜ਼ਾ ਲੈ ਕੇ ਉਸਨੂੰ ਮੁਆਫ ਕਰ ਦਿੰਦੇ ਹਨ। ਅਦਾਲਤਾਂ ਲਿਖਤੀ ਮੁਆਫੀਨਾਮਾ ਲੈ ਕੇ ਪੇਸ਼ ਕਰਨ ‘ਤੇ ਬਿਨਾਂ ਕਿਸੇ ਪੁਛ-ਪੜਤਾਲ ਦੇ ਦੋਸ਼ੀ ਨੂੰ ਬਰੀ ਕਰ ਦਿੰਦੀ ਹੈ।
ਇਹ ਸਮਾਜਿਕ ਤੌਰ ‘ਤੇ ਇਕ ਪਾਸੇ ਚੰਗੀ ਹੈ ਕਿ ਗਰੀਬ ਬੇਸਹਾਰਾ ਵਾਰਸਾਂ ਨੂੰ ਜ਼ਿੰਦਗੀ ਦੇ ਗੁਜਾਰੇ ਲਈ ਰਕਮ ਮਿਲ ਜਾਂਦੀ ਹੈ। ਦੂਜੇ ਪਾਸੇ ਇਹ ਮਾੜੀ ਵੀ ਹੈ ਜੇ ਕਾਤਲ ਅਮੀਰ ਹੋਵੇ ਤਾਂ ਪਰਿਵਾਰ ‘ਤੇ ਦਬਾਅ ਪਾ ਕੇ ਸਿਰਫ ਪੈਸੇ ਦੇ ਜ਼ੋਰ ‘ਤੇ ਬਰੀ ਹੋ ਜਾਂਦਾ ਹੈ। ਕਈ ਲੋਕ ਖੂਨ ਦਾ ਬਦਲਾ ਖੂਨ ਦੀ ਨੀਤੀ ਅਪਣਾ ਕੇ ਬਲੱਡ ਮਨੀ ਨੂੰ ਠੁਕਰਾ ਦਿੰਦੇ ਹਨ ਤੇ ਕਾਤਲ ਨੂੰ ਮੌਤ ਦੀ ਸ਼ਜਾ ਦਿਵਾਉਂਦੇ ਹਨ।
(ਯੂ ਏ ਈ) ਸੰਯੁਕਤ ਅਰਬ ਅਮੀਰਾਤ ਵਿੱਚ ਮਰਦ ਦੇ ਕਤਲ ਹੋਣ ‘ਤੇ ਦੋ ਲੱਖ ਦਰਹਮ ਤੇ ਔਰਤ ਦੇ ਕਤਲ ਹੋਣ ‘ਤੇ ਇਕ ਲੱਖ ਭਾਵ ਅੱਧੀ ਰਕਮ (ਮਰਦ ਔਰਤ ਦਾ ਵਿਤਕਰਾ) ਦਿੱਤੀ ਜਾਂਦੀ ਹੈ।
ਜਖ਼ਮੀ ਦੀ ਰਕਮ ਡਾਕਟਰ ਦੀ ਸਲਾਹ ਨਾਲ ਰਕਮ ਤਹਿ ਕੀਤੀ ਜਾਂਦੀ। ਇਸ ਤੋਂ ਇਲਾਵਾ ਜੇ ਕਿਸੇ ਦਾ ਪਾਲਤੂ ਜਾਨਵਰ ਕਿਸੇ ਨੂੰ ਮਾਰ ਦੇਵੇ, ਕੋਈ ਕਿਸੇ ਦੀ ਇਮਾਰਤ ਜਾਂ ਗੱਡੀ ਥੱਲੇ ਆ ਕੇ ਜਾਂ ਕਰੰਟ ਲਗ ਕੇ ਮੌਤ ਹੋ ਜਾਵੇ ਤਾਂ ਦੋ ਲੱਖ ਦਰਹਮ ਦਿੱਤਾ ਜਾਂਦਾ। ਕਾਨੂੰਨ ਬਾਰੇ ਜਾਣਕਾਰੀ ਨਾ ਹੋਣਾ ਬਹਾਨਾ ਨਹੀਂ ਹੈ। ਵਿਦੇਸ਼ ਵਿੱਚ ਹੱਕ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਤੇ ਗੈਰੀ-ਕਾਨੂੰਨੀ ਧੰਦਿਆਂ ਤੋਂ ਹਮੇਸ਼ਾਂ ਦੂਰ ਰਹਿਣਾ ਚਾਹਿਦਾ।
ਉਘੇ ਸਮਾਜ ਸੇਵਕ ਅਤੇ ਬਹੁਤ ਸਾਰੇ ਕੇਸਾਂ ਵਿੱਚ ਬਲੱਡ ਮਨੀ ਦੇ ਕੇ ਪੰਜਾਬੀ ਨੌਜਵਾਨਾਂ ਨੂੰ ਬਚਾਉਣ ਵਾਲੇ ਡਾ ਐਸ ਪੀ ਸਿੰਘ ਓਬਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੇਬਰ ਵਜੋਂ ਨੌਜਵਾਨਾਂ ਨੂੰ ਅਰਬ ਦੇਸ਼ਾਂ ਵਿਚ ਨਾ ਭੇਜਣ।#