ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਅਤੇ ਸਿੱਧੂ ਮੂਸੇ ਵਾਲਾ ਵਿਚਕਾਰ ਵਿਵਾਦ ਰੁਕਣ ਦੀ ਥਾਂ ਵੱਧਦਾ ਹੀ ਜਾ ਰਿਹਾ ਹੈ। ਰੋਜ਼ਾਨਾ ਸੋਸ਼ਲ ਮੀਡੀਆ ‘ਤੇ ਬੱਬੂ ਮਾਨ ਅਤੇ ਮੂਸੇ ਵਾਲਾ ਦੇ ਫੈਨਜ਼ ਵਿਚਕਾਰ ਤਿੱਖੀ ਬਿਆਨਬਾਜ਼ੀ ਵੇਖਣ ਨੂੰ ਮਿਲ ਰਹੀ ਹੈ। ਇਸ ਸਭ ਵਿਚਕਾਰ ਗੈਂਗਸਟਰ ਦਿਲਪ੍ਰੀਤ ਬਾਬਾ ਗਰੁੱਪ ਦੇ ਸਾਥੀ ਯਾਦੀ ਰਾਣਾ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਦੋਵੇਂ ਗਾਇਕਾਂ ਦੇ ਸਮਰਥਕਾਂ ਨੂੰ ਗਾਇਕਾਂ ਪਿੱਛੇ ਨਾ ਲੜਨ ਦੀ ਨਸੀਹਤ ਦਿੱਤੀ ਹੈ।
ਗੈਂਗਸਟਰ ਰਾਣਾ ਨੇ ਦੋਵੇਂ ਗਾਇਕਾਂ ਨੂੰ ਧਮਕੀ ਦਿੰਦਿਆਂ ਲਿਖਿਆ ਹੈ ਕਿ ਉੁਹ ਆਪਣੀ ਦੁਸ਼ਮਣੀ ਤੋਂ ਬਾਜ਼ ਆਉਣ ਤੇ ਉਸ ਨੂੰ ਪਰਮੀਸ਼ ਵਰਮਾ ਵਾਲੀ ਕਹਾਣੀ ਦੁਹਰਾਉਣ ਲਈ ਮਜਬੂਰ ਨਾ ਕਰਨ। ਉਸ ਨੇ ਲਿਖਿਆ ਹੈ ਕਿ ਇਹ ਗਾਇਕ ਤਾਂ ਇਕ ਦੂਜੇ ਨੂੰ ਸਿੱਧੇ ਤੌਰ ‘ਤੇ ਟਾਰਗੇਟ ਨਹੀਂ ਕਰਦੇ ਜਦਕਿ ਇਨ੍ਹਾਂ ਦੇ ਫੈਨਜ਼ ਆਪਸ ਵਿਚ ਇਨ੍ਹਾਂ ਪਿੱਛੇ ਲੜਦੇ ਹਨ। ਯਾਦੀ ਰਾਣਾ ਨੇ ਕਿਹਾ ਕਿ ਇਹ ਗਾਇਕ ਤਾਂ ਆਪਣੀ ਰੋਟੀ ਕਮਾ ਰਹੇ ਹਨ ਤੇ ਨੌਜਵਾਨ ਇਨ੍ਹਾਂ ਪਿੱਛੇ ਲੱਗ ਕੇ ਆਪਣਾ ਭਵਿੱਖ ਖਰਾਬ ਨਾ ਕਰਨ। ਰਾਣਾ ਨੇ ਦੋਵੇਂ ਗਾਇਕਾਂ ਦੇ ਕੱਟੜ ਫੈਨਜ਼ ਨੂੰ ਨਸੀਹਤ ਦਿੰਦਿਆ ਕਿਹਾ ਕਿ ਉਹ ਇਨ੍ਹਾਂ ਗਾਇਕਾਂ ਪਿਛੇ ਆਪਣੀ ਜਾਨ ਨਾ ਗਵਾਉਣ ਅਤੇ ਜੇਕਰ ਉਨ੍ਹਾਂ ਦਾ ਜ਼ਿਆਦਾ ਹੀ ਖੂਨ ਖੌਲਦਾ ਹੈ ਤਾਂ ਉਹ ਫ਼ੌਜ ‘ਚ ਭਰਤੀ ਹੋ ਜਾਣ।