ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਮਿਸੀਸਿਪੀ ‘ਚ ਹੜ ਕਾਰਨ ਬੁਰਾ ਹਾਲ ਹੈ। ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਜੈਕਸਨ ਸ਼ਹਿਰ ਦੇ ਲਗਭਗ 180,000 ਲੋਕ ਹੁਣ ਪੀਣ ਯੋਗ ਅਤੇ ਵਰਤੋਂ ਯੋਗ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਸ਼ਹਿਰ ਦਾ ਮੁੱਖ ਵਾਟਰ ਟਰੀਟਮੈਂਟ ਪਲਾਂਟ ਹੜ੍ਹਾਂ ਦੇ ਵਧਦੇ ਪਾਣੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਪੂਰੀ ਤਰ੍ਹਾਂ ਟੁੱਟਣ ਦੀ ਕਗਾਰ ‘ਤੇ ਹੈ। ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਹੈ ਅਤੇ ਸਕੂਲ, ਰੈਸਟੋਰੈਂਟ ਅਤੇ ਕਾਰੋਬਾਰ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਗਏ ਹਨ।
ਰਿਜ਼ਰਵਾਇਰ ਵਿੱਚੋਂ ਪਾਣੀ ਸਿੱਧਾ ਲੋਕਾਂ ਦੇ ਘਰਾਂ ਵਿੱਚ ਆ ਰਿਹਾ ਹੈ। ਜੈਕਸਨ ਸ਼ਹਿਰ ਅਤੇ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਵੰਡੀਆਂ ਜਾ ਰਹੀਆਂ ਹਨ ਅਤੇ ਵਰਤੋਂ ਲਈ ਟੈਂਕਰ ਟਰੱਕਾਂ ਤੋਂ ਪਾਣੀ ਦਿੱਤਾ ਜਾ ਰਿਹਾ ਹੈ। ਜੈਕਸਨ ਵਾਸੀਆਂ ਨੂੰ ਪਾਣੀ ਦਾ ਦਬਾਅ ਘੱਟ ਹੋਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਨੂੰ ਪਾਣੀ ਉਬਾਲਣ ਲਈ ਨੋਟਿਸ ਦਿੱਤੇ ਗਏ ਹਨ। ਗਵਰਨਰ ਟੇਟ ਰੀਵਜ਼ ਨੇ ਪ੍ਰੈਸ ਕਾਨਫਰੰਸ ਵਿੱਚ ਚੇਤਾਵਨੀ ਦਿੱਤੀ, ‘ਪਾਣੀ ਨਾ ਪੀਓ।’ ਉਨ੍ਹਾਂ ਕਿਹਾ ਕਿ ਕਈ ਥਾਈਂ ਪਾਣੀ ਸਿੱਧਾ ਰਿਜ਼ਰਵਾਇਰ ਵਿੱਚੋਂ ਪਾਈਪਾਂ ਵਿੱਚ ਆ ਰਿਹਾ ਹੈ।
ਪਿਛਲੇ ਹਫ਼ਤੇ ਭਾਰੀ ਮੀਂਹ ਕਾਰਨ ਪਰਲ ਨਦੀਂ ਦਾ ਪਾਣੀ ਸ਼ਹਿਰਾਂ ‘ਚ ਆਗਿਆ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਨਦੀ ਦਾ ਪਾਣੀ ਪਲਾਂਟ ਵਿੱਚ ਦਾਖਲ ਹੋ ਗਿਆ ਹੈ, ਜੋ ਹਰ ਰੋਜ਼ 50 ਮਿਲੀਅਨ ਯੂਐਸ ਗੈਲਨ ਤੋਂ ਵੱਧ ਪਾਣੀ ਦਾ ਟ੍ਰੀਟਮੈਂਟ ਕਰਦਾ ਹੈ। ਰੀਵਜ਼ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਪਲਾਂਟ ਲਾਪ੍ਰਵਾਹੀ ਨਾਲ ਚਲਾਇਆ ਜਾ ਰਿਹਾ ਸੀ, ਜਿਸ ਦੀ ਮੇਨ ਮੋਟਰ ਹੁਣ ਫੇਲ ਹੋ ਗਈ ਹੈ ਅਤੇ ਬੈਕਅੱਪ ਪੰਪ ਵੀ ਬੰਦ ਹੋ ਗਏ ਹਨ।