ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਗਹਿਰੇ ਸਦਮੇ ‘ਚ ਹੈ। ਬਾਲੀਵੁੱਡ ਇੰਡਸਟਰੀ ਦੇ ਕਈ ਅਦਾਕਾਰਾਂ ਅਤੇ ਪ੍ਰਧਾਨ ਮੰਤਰੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ‘ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੁਸ਼ਾਂਤ ਰਾਜਪੂਤ ਦਾ ਅੱਜ ਮੁੰਬਈ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ। ਜਿਸ ਲਈ ਉਨ੍ਹਾਂ ਦਾ ਪਰਿਵਾਰ ਪਟਨਾ ਤੋਂ ਮੁੰਬਈ ਪਹੁੰਚ ਗਿਆ ਹੈ।
ਸੁਸ਼ਾਂਤ ਰਾਜਪੂਤ ਦਾ ਪਰਿਵਾਰ ਪਟਨਾ ‘ਚ ਰਹਿੰਦਾ ਹੈ। ਐਤਵਾਰ ਦੇਰ ਰਾਤ ਹੀ ਸੁਸ਼ਾਂਤ ਦੇ ਪਰਿਵਾਰਕ ਮੈਂਬਰ ਪਟਨਾ ਤੋਂ ਮੁੰਬਈ ਲਈ ਰਵਾਨਾ ਹੋ ਗਏ ਸਨ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸੁਸ਼ਾਂਤ ਸਿੰਘ ਰਾਜਪੂਤ ਦੇ ਅੰਤਿਮ ਸਸਕਾਰ ‘ਚ ਜ਼ਿਆਦਾ ਲੋਕਾਂ ਨੂੰ ਸ਼ਾਮਲ ਹੋਣ ਦੀ ਆਗਿਆ ਨਹੀਂ ਹੈ। ਜਿਸ ਕਾਰਨ ਉਨ੍ਹਾਂ ਦੇ ਸਸਕਾਰ ‘ਚ ਉਨ੍ਹਾਂ ਦੇ ਪਿਤਾ, ਭੈਣਾਂ ਅਤੇ ਕੁਝ ਕਰੀਬੀ ਹੀ ਸ਼ਾਮਲ ਹੋੋ ਸਕਣਗੇ।
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਪੋਸਟ ਮਾਰਟਮ ਰਿਪੋਰਟ ‘ਚ ਸ਼ੁਰੂਆਤੀ ਤੌਰ ‘ਤੇ ਆਤਮ-ਹੱਤਿਆ ਦੀ ਗੱਲ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੇ ਅੰਗਾਂ ਨੂੰ ਜਾਂਚ ਲਈ ਜੇਜੇ ਹਸਪਤਾਲ ਭੇਜ ਦਿੱਤਾ ਹੈ ਜਿੱਥੇ ਉਨ੍ਹਾਂ ਦੇ ਅੰਗਾਂ ‘ਚ ਜ਼ਹਿਰ ਜਾਂ ਡਰੱਗ ਦੀ ਜਾਂਚ ਕੀਤੀ ਜਾਵੇਗੀ। ਸੁਸ਼ਾਂਤ ਵੱਲੋਂ ਆਤਮ-ਹੱਤਿਆ ਕਰਨ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ। ਪੁਲਿਸ ਦੀ ਰਿਪੋਰਟ ਅਨੁਸਾਰ ਸੁਸ਼ਾਂਤ ਪਿੱਛਲੇ 6 ਮਹੀਨਿਆਂ ਤੋਂ ਡਿਪਰੈਸ਼ਨ ‘ਚ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।