ਵਾਸ਼ਿੰਗਟਨ : ਡਿਜ਼ਨੀਲੈਂਡ ਕੰਪਨੀ ਨੇ 17 ਜੁਲਾਈ ਤੋਂ ਕੈਲੀਫੋਰਨੀਆ ਸਥਿਤ ਆਪਣਾ ਥੀਮ ਪਾਰਕ ਖੋਲ੍ਹਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਕੰਪਨੀ ਵੱਲੋਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਥੀਮ ਪਾਰਕ ਨੂੰ ਲਗਭਗ 3 ਮਹੀਨੇ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਡਿਜ਼ਨੀਲੈਂਡ ਕੰਪਨੀ ਨੇ ਕਿਹਾ ਕਿ ਡਾਊਨਟਾਊਨ ਡਿਜ਼ਨੀ-ਡ੍ਰਿਸਟ੍ਰਿਕਟ ਨੂੰ ਵੀ ਲੋਕਾਂ ਲਈ 9 ਜੁਲਾਈ ਨੂੰ ਖੋਲ੍ਹ ਦਿੱਤਾ ਜਾਵੇਗਾ। ਕੰਪਨੀ ਨੇ ਕਿਹਾ ਕਿ ਅਮਰੀਕਾ ‘ਚ ਸਥਿਤ ਬਾਕੀ ਸਥਾਨਾਂ ਨੂੰ ਪੜਾਅ ਵਾਰ ਤਰੀਕੇ ਨਾਲ ਖੋਲ੍ਹਿਆ ਜਾਵੇਗਾ।
ਕੰਪਨੀ ਨੇ ਕਿਹਾ ਕਿ ਸਰਕਾਰੀ ਨਿਯਮਾਂ ਦਾ ਪਾਲਣ ਕਰਨ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਦੇ ਮੱਦੇਨਜ਼ਰ ਕੈਲੀਫੋਰਨੀਆ ਦੇ ਥੀਮ ਪਾਰਕ ਵਿੱਚ ਘੱਟ ਗਿਣਤੀ ‘ਚ ਲੋਕਾਂ ਨੂੰ ਦਾਖਲ ਹੋਣ ਦੀ ਆਗਿਆ ਦਿੱਤੀ ਜਾਏਗੀ। ਇਸ ਦੇ ਨਾਲ ਹੀ ਡਿਜ਼ਨੀਲੈਂਡ ਰਿਜੋਰਟ ‘ਚ ਨਵੀਂ ਥੀਮ ਪਾਰਕ ਰਿਜ਼ਰਵੇਸ਼ਨ ਪ੍ਰਣਾਲੀ ਰਾਹੀਂ ਲੋਕਾਂ ਦੀ ਮੌਜੂਦਗੀ ਦਾ ਖਿਆਲ ਰੱਖਿਆ ਜਾਵੇਗਾ। ਕੰਪਨੀ ਨੇ ਕਿਹਾ ਕਿ ਪਾਰਕ ‘ਚ ਆਉਣ ਤੋਂ ਪਹਿਲਾਂ ਲੋਕਾਂ ਲਈ ਰਿਜਰਵੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ।