ਕਾਂਗਰਸ ਦਾ ਮੰਥਨ

Global Team
4 Min Read

ਜਗਤਾਰ ਸਿੰਘ ਸਿੱਧੂ

ਹਰਿਆਣਾ ਵਿਧਾਨ ਸਭਾ ਦੀ ਚੋਣ ਵਿਚ ਹੋਈ ਹਾਰ ਬਾਅਦ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵਲੋਂ ਮੰਥਨ ਲਈ ਅੱਜ ਦਿੱਲੀ ਮੀਟਿੰਗ ਹੋ ਰਹੀ ਹੈ। ਕਾਂਗਰਸ ਦੇ ਨੇਤਾ ਅਤੇ ਪਾਰਲੀਮੈਂਟ ਅੰਦਰ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਹਰਿਆਣਾ ਦੇ ਨਤੀਜਿਆਂ ਉੋੱਪਰ ਹੈਰਾਨੀ ਦਾ ਪ੍ਰਗਟਾਵਾ ਕੀਤਾ ਹੈ। ਇਕ ਦਿਨ ਪਹਿਲਾਂ ਕਾਂਗਰਸ ਦੇ ਵਫਦ ਨੇ ਚੋਣ ਕਮਿਸ਼ਨ ਕੋਲ ਚੋਣ ਵਿਚ ਗੜਬੜ ਹੋਣ ਦੇ ਖਦਸ਼ਿਆਂ ਬਾਰੇ ਮਿਲਕੇ ਸ਼ਕਾਇਤ ਵੀ ਦਿੱਤੀ ਹੈ। ਕਾਂਗਰਸ ਦੀ ਜਿੱਤ ਦਾ ਸੁਪਨਾ ਤਾਂ ਚਕਨਾਚੂਰ ਹੋਇਆ ਹੀ ਹੈ ਪਰ ਕਾਂਗਰਸ ਨੂੰ ਸਮਝ ਨਹੀਂ ਪੈ ਰਹੀ ਕਿ ਪੱਕੀ ਖੇਤੀ ਉੱਤੇ ਗੜੇਮਾਰ ਕਿਵੇਂ ਹੋ ਗਈ ਕਿਉਂ ਜੋ ਮੌਸਮ ਵਿਭਾਗ ਦੀ ਤਰਾਂ ਸਿਆਸੀ ਭਵਿਖਬਾਣੀ ਕਰਨ ਵਾਲਿਆਂ ਨੇ ਕਿਧਰੇ ਦੂਰ ਦੂਰ ਤੱਕ ਅਜਿਹੀ ਗੜੇਮਾਰੀ ਦਾ ਜ਼ਿਕਰ ਨਹੀਂ ਕੀਤਾ। ਇਹ ਵੱਖਰੀ ਗੱਲ ਹੈ ਕਿ ਹੁਣ ਕਈ ਪਹਿਲਾਂ ਦੱਸਣ ਦੇ ਇਸ ਤਰਾ ਦਾਅਵੇ ਕਰ ਰਹੇ ਹਨ ਜਿਵੇਂ ਸਿੱਧੂ ਮੂਸੇਵਾਲਾ ਦੇ ਕਤਲ ਦੇ ਲੰਮਾ ਸਮਾਂ ਬਾਅਦ ਇਕ ਜੋਤਸ਼ੀ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਤਾਂ ਮੂਸੇਵਾਲਾ ਨੂੰ ਦਸ ਦਿਨ ਪਹਿਲਾਂ ਹੀ ਦੱਸ ਦਿਤਾ ਸੀ ਕਿ ਉਸ ਦੀ ਜਾਨ ਲਈ ਖਤਰਾ ਹੈ।

ਖੈਰ ਦਾਅਵੇਦਾਰੀਆਂ ਕਰਨ ਦਾ ਹਰ ਇਕ ਨੂੰ ਅਧਿਕਾਰ ਹੈ ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਦਾਅਵੇ ਜਮੀਨੀ ਹਕੀਕਤ ਨਾਲ ਕਿੰਨਾ ਮੇਲ ਖਾਂਦੇ ਹਨ। ਕਾਂਗਰਸ ਦੀ ਹਰਿਆਣਾ ਦੀ ਲੀਡਰਸ਼ਿਪ ਦਾ ਕਲੇਸ਼ ਵੀ ਪਾਰਟੀ ਲਈ ਨਮੋਸ਼ੀ ਦਾ ਕਾਰਨ ਬਣਿਆ ਹੈ ਪਰ ਇਹ ਇਕੋ ਕਾਰਨ ਨਹੀਂ ਹੈ। ਇਹ ਕਿਹਾ ਜਾ ਰਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਅਤੇ ਕੁਮਾਰੀ ਸ਼ੈਲਜਾ ਦੀ ਆਪਸੀ ਲੜਾਈ ਨੇ ਵੱਡਾ ਨੁਕਸਾਨ ਕੀਤਾ ਹੈ। ਇਸ ਧੜੇਬੰਦੀ ਕਾਰਨ ਪਾਰਟੀ ਨੇ ਚੋਣ ਮੌਕੇ ਮੁੱਖ ਮੰਤਰੀ ਦਾ ਚੇਹਰਾ ਦੇਣ ਤੋਂ ਵੀ ਇਨਕਾਰ ਕੀਤਾ। ਦੂਜੇ ਪਾਸੇ ਭਾਜਪਾ ਪੂਰੀ ਤਰਾਂ ਏਕਤਾ ਦਾ ਪ੍ਰਗਟਾਵਾ ਕਰ ਰਹੀ ਸੀ ਅਤੇ ਕਾਂਗਰਸ ਦੀ ਫੁੱਟ ਦਾ ਮਜਾਕ ਕਰ ਰਹੀ ਸੀ। ਵੱਡਾ ਅਹਿਮ ਕਾਰਨ ਇੰਡੀਆ ਗਠਜੋੜ ਦੀਆਂ ਵੱਡੀਆਂ ਧਿਰਾਂ ਕਾਂਗਰਸ ਅਤੇ ਆਪ ਵਿਚ ਕੋਈ ਸਹਿਮਤੀ ਨਾ ਬਣਾ ਸਕੀਆਂ। ਜੇਕਰ ਇਹ ਧਿਰਾਂ ਇਕ ਥਾਂ ਹੁੰਦੀਆਂ ਤਾਂ ਸ਼ਾਇਦ ਰਾਹੁਲ ਗਾਂਧੀ ਨੂੰ ਇਹ ਮੰਥਨ ਕਰਨ ਦੀ ਲੋੜ ਹੀ ਨਾ ਪੈਂਦੀ। ਇਸ ਸਥਿਤੀ ਲਈ ਕਾਂਗਰਸ ਅਤੇ ਆਪ ਵੀ ਮੇਹਣੋ ਮੇਹਣੀ ਹੋ ਰਹੇ ਹਨ ਪਰ ਘੱਟ ਕੋਈ ਵੀ ਨਹੀ ਰਿਹਾ ਅਤੇ ਦੋਵਾਂ ਨਾਲ ਹੀ ਭੈੜੀ ਵੀ ਬਰਾਬਰ ਦੀ ਹੋ ਗਈ। ਕਾਂਗਰਸ ਨੂੰ ਤਾਂ ਹਾਰ ਕੇ ਵਿਰੋਧੀ ਧਿਰ ਦੇ ਬੈਂਚਾਂ ੳੇੁਤੇ ਬੈਠਣਾ ਪੈ ਗਿਆ ਪਰ ਆਪ ਵਾਲਿਆਂ ਨੂੰ ਵਿਧਾਨ ਸਭਾ ਦੀ ਬਿਲਡਿੰਗ ਦੇ ਵੀ ਬਾਹਰ ਬੈਠਕੇ ਜਾਂ ਕਿਸੇ ਟੀ ਵੀ ਚੈਨਲ ਉੱਤੇ ਸਦਨ ਦੀ ਕਾਰਵਾਈ ਸੁਨਣੀ ਪਿਆ ਕਰੇਗੀ। ਆਪ ਨੂੰ ਦਸ ਸੀਟਾਂ ਲਈ ਤਾਂ ਨੋਟਾ ਨਾਲੋਂ ਵੀ ਘੱਟ ਵੋਟਾਂ ਮਿਲੀਆਂ ਅਤੇ ਆਪ ਨੂੰ ਇੱਕਤੀ ਸੀਟਾਂ ਲਈ ਇਕ ਹਜ਼ਾਰ ਤੋਂ ਵੀ ਘੱਟ ਵੋਟਾਂ ਮਿਲ਼ੀਆਂ।ਕਾਂਗਰਸ ਨੂੰ ਇਹ ਤੈਅ ਕਰਨਾ ਹੋਏਗਾ ਕਿ ਹਰ ਖਿਆਲੀ ਪਾਰਟੀਆਂ ਨਾਲ ਲਕੀਰ ਖਿਚਕੇ ਭਾਜਪਾ ਨਾਲ ਲੜਨਾ ਸੌਖਾ ਨਹੀ ਹੈ। ਸੀਟਾਂ ਦੀ ਵੰਡ ਵਿਚ ਵੀ ਦੂਜੀਆਂ ਧਿਰਾਂ ਦਾ ਸਤਿਕਾਰ ਕਰਨਾ ਹੋਵੇਗਾ। ਕਾਂਗਰਸ ਨੂੰ ਪਾਰਲੀਮੈਂਟ ਦਾ ਹੁੰਗਾਰਾ ਹਰਿਆਣਾ ਵਿਚ ਆਕੇ ਕਿਉਂ ਗੁਆਚ ਗਿਆ। ਮੰਥਨ ਤਾਂ ਇਸ ਮੁੱਦੇ ਉੱਪਰ ਕਰਨ ਦੀ ਲੋੜ ਹੈ ਕਿ ਅਜਿਹਾ ਕਿਉਂ ਹੋਇਆ। ਭਾਜਪਾ ਦੀ ਬੇਹਤਰ ਕਾਰਗੁਜਾਰੀ ਹੀ ਬੇਹਤਰ ਸਿੱਟੇ ਦੇ ਸਕੀ ਹੈ ਅਤੇ ਕੇਂਦਰੀ ਤਾਕਤ ਦਾ ਪ੍ਰਭਾਵ ਭਾਜਪਾ ਲਈ ਬਗੈਰ ਸ਼ਕ ਸਦਾ ਲਾਹੇਬੰਦ ਹੈ ਪਰ ਇਹ ਤਾਕਤ ਵੀ ਤਾਂ ਭਾਜਪਾ ਨੇ ਆਪਣੇ ਬਲਬੂਤੇ ਨਾਲ ਹੀ ਕਮਾਈ ਹੈ।

ਸੰਪਰਕਃ 98140021 86

Share This Article
Leave a Comment