ਸੁਖਬੀਰ ਬਾਦਲ ਅਤੇ ਮਜੀਠੀਆ ਨੇ ਪਾਰਟੀ ਦੀ 100 ਸਾਲ ਪੁਰਾਣੀ ਵਿਰਾਸਤ ਨੂੰ ਕਲੰਕਿਤ ਕੀਤਾ : ਚੰਨੀ

TeamGlobalPunjab
3 Min Read

 ਦਿੱਲੀ ਦੇ ‘ਆਪ’ ਆਗੂ ਬਸਤੀਵਾਦੀਆਂ ਵਾਂਗ ਵਿਵਹਾਰ ਕਰ ਰਹੇ : ਮੁੱਖ ਮੰਤਰੀ

ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਪੰਜਾਬ ਦੀ ਸਿਆਸਤ ਵਿੱਚ ਬਾਹਰੀ ਲੋਕਾਂ ਨੂੰ ਖੜ੍ਹਾ ਕਰਨ ਲਈ ਆਮ ਆਦਮੀ ਪਾਰਟੀ (ਆਪ) ਦੀ ਸਖ਼ਤ ਆਲੋਚਨਾ ਕੀਤੀ, ਜਿਨ੍ਹਾਂ ਨੂੰ ਪੰਜਾਬ ਅਤੇ ਇਸ ਦੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੈ ਪਰ ਉਹ ਆਪਣੇ ਆਪ ਨੂੰ ਸੂਬੇ ਦੇ ਲੋਕਾਂ ਦੀ ਆਵਾਜ਼ ਵਜੋਂ ਪੇਸ਼ ਕਰਨ ਲਈ ਕਾਫ਼ੀ ਉਤਾਵਲੇ ਹਨ।

‘ਆਪ’ ਦੀ ਦਿੱਲੀ ਲੀਡਰਸ਼ਿਪ ‘ਤੇ ਬਸਤੀਵਾਦੀ ਸ਼ਕਤੀ ਵਾਂਗ ਵਿਵਹਾਰ ਕਰਨ ਲਈ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੋਸਟਰਾਂ ਅਤੇ ਫਲੈਕਸਾਂ ‘ਤੇ ਵੀ ਪਾਰਟੀ ਦੀ ਪੰਜਾਬ ਇਕਾਈ ਦੇ ਆਗੂਆਂ ਦੀਆਂ ਤਸਵੀਰਾਂ ਨਹੀਂ ਵਰਤ ਰਹੇ ਹਨ, ਜਿਸ ਤੋਂ ਉਹਨਾਂ ਦੇ ਪੰਜਾਬ ਨੂੰ ਆਪਣੇ ਅਧੀਨ ਕਰਨ ਦੇ ਨਾਪਾਕ ਮਨਸੂਬੇ ਸਪੱਸ਼ਟ ਹੋ ਜਾਂਦੇ ਹਨ।

ਭਗਵੰਤ ਮਾਨ ਨੂੰ ਅਸਿੱਧੇ ਤੌਰ ‘ਤੇ ਨਿਸ਼ਾਨੇ ਉੱਤੇ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਚੁਟਕਲੇ ਸੁਣਾਉਣਾ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਨਾਲੋਂ ਬਿਲਕੁਲ ਵੱਖਰੀ ਚੀਜ਼ ਹੈ ਅਤੇ ਵਿਕਾਸ ਸਿਰਫ਼ ਬਾਹਰਲੇ ਲੋਕਾਂ ਨਾਲ ਆਟੋ-ਰਿਕਸ਼ਾ ਵਿੱਚ ਮੌਜਾਂ ਮਾਣ ਕੇ ਨਹੀਂ ਕੀਤਾ ਜਾ ਸਕਦਾ।

- Advertisement -

ਮੁੱਖ ਮੰਤਰੀ ਪਿੰਡ ਦੇਹ ਕਲਾਂ ਅਤੇ ਘਾਬਦਾਂ ਵਿਖੇ ਸ੍ਰੀ ਸੀਮਿੰਟ ਲਿਮਟਿਡ ਸੰਗਰੂਰ ਪ੍ਰਾਜੈਕਟ ਅਤੇ ਮੈਡੀਕਲ ਕਾਲਜ ਦੇ ਨੀਂਹ ਪੱਥਰ ਰੱਖਣ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗਰੀਬ ਲੋਕਾਂ ਨੂੰ ਆਟਾ ਦਾਲ ਵਰਗੇ ਉਪਾਵਾਂ ਨਾਲ ਲੁਭਾਉਣ ਲਈ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਏਜੰਡਾ ਗਰੀਬਾਂ ਨੂੰ ਮਿਆਰੀ ਸਿੱਖਿਆ ਅਤੇ ਸਿਹਤ ਦੇ ਮੌਕੇ ਪ੍ਰਦਾਨ ਕਰਕੇ ਸਮਰੱਥ ਬਣਾਉਣਾ ਹੈ।

ਅਕਾਲੀ ਦਲ ‘ਤੇ ਨਿਸ਼ਾਨਾ ਸਾਧਦਿਆਂ ਚੰਨੀ ਨੇ ਕਿਹਾ ਕਿ ਅਕਾਲੀ ਦਲ ਵਰਗੀ 100 ਸਾਲ ਪੁਰਾਣੀ ਪਾਰਟੀ ਨੂੰ ਬਾਦਲਾਂ ਅਤੇ ਬਿਕਰਮ ਸਿੰਘ ਮਜੀਠੀਆ ਨੇ ਨਸ਼ਿਆਂ, ਬੇਅਦਬੀਆਂ ਅਤੇ ਭ੍ਰਿਸ਼ਟ ਕਾਰਵਾਈਆਂ ਨਾਲ ਕਲੰਕਿਤ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ, “ਅਕਾਲੀ ਦਲ ਉਦੋਂ ਤੱਕ ਪੈਰਾਂ ਸਿਰ ਨਹੀਂ ਹੋ ਸਕਦਾ ਜਦੋਂ ਤੱਕ ਸੁਖਬੀਰ ਅਤੇ ਮਜੀਠੀਆ ਪਾਰਟੀ ਦਾ ਹਿੱਸਾ ਹਨ।” ਉਹਨਾਂ ਅੱਗੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੇ ਨਿੱਜੀ ਹਿੱਤਾਂ ਖਾਤਿਰ ਜਨਤਕ ਸਰੋਤਾਂ ਦੀ ਦੁਰਵਰਤੋਂ ਕੀਤੀ ਹੈ।

ਮੁੱਖ ਮੰਤਰੀ ਨੇ ਕਾਂਗਰਸ ਦੇ ਮੌਜੂਦਾ ਸਮੇਂ ਨੂੰ ‘ਯੁੱਗ ਪਰਿਵਰਤਨ’ ਦਾ ਸਮਾਂ ਦੱਸਿਆ ਜਦੋਂ ਅਸਲ ਵਿੱਚ ਸੱਤਾ ਆਮ ਲੋਕਾਂ ਦੇ ਹੱਥਾਂ ਵਿੱਚ ਆ ਗਈ ਹੈ ਅਤੇ ਇਸ ਤਰ੍ਹਾਂ ਰਜਵਾੜਾਸ਼ਾਹੀ ਦੇ ਦੌਰ ਦਾ ਅੰਤ ਹੋ ਗਿਆ ਹੈ।

- Advertisement -
Share this Article
Leave a comment