ਜਲੰਧਰ: ਜਲੰਧਰ ਦੇ ਸ਼ਾਹਕੋਟ ਟਾਊਨ ਥਾਣੇ ਵਿੱਚ 9 ਅਪ੍ਰੈਲ ਨੂੰ ਕੇਸ ਨੰਬਰ 90 ਦਰਜ ਕੀਤਾ ਗਿਆ ਸੀ। ਜਿਸ ‘ਤੇ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ। ਪੁਲਿਸ ਅਤੇ ਆਬਕਾਰੀ ਟੀਮ ਨੇ ਪਿੰਡ ਦੌਲਤਪੁਰ ਢੱਡਾ ਦੇ ਵਾਸੀ ਅਕਰਮ ਦੇ ਘਰ ਛਾਪਾ ਮਾਰ ਕੇ 35 ਲੀਟਰ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਪਰ ਹੁਣ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਉਹ ਪੁਲਿਸ ਦੀ ਕਹਾਣੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ।
ਫੁਟੇਜ ‘ਚ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਕਰਮਚਾਰੀ ਖੁਦ ਇਕ ਸਿਲਵਰ ਰੰਗ ਦੀ ਈਕੋਸਪੋਰਟ ਕਾਰ ‘ਚੋਂ ਨੀਲੇ ਡਰੰਮ ਨੂੰ ਕੱਢ ਕੇ ਘਰ ਦੇ ਅੰਦਰ ਲੈ ਜਾ ਰਹੇ ਹਨ। ਢੋਲ ਖਾਲੀ ਨਹੀਂ ਸੀ, ਕਿਉਂਕਿ ਦੋ ਜਣੇ ਇਕੱਠੇ ਇਸ ਨੂੰ ਚੁੱਕ ਰਹੇ ਸਨ। ਕੈਮਰੇ ‘ਚ ਕੈਦ ਹੋਏ ਕੁੱਲ 7 ਪੁਲਿਸ ਕਰਮਚਾਰੀ, 4 ਵਰਦੀ ‘ਚ ਅਤੇ 3 ਸਾਦੇ ਕੱਪੜਿਆਂ ‘ਚ ਸਨ। ਸਿਰਫ਼ 13 ਮਿੰਟਾਂ ਦੇ ਅੰਦਰ ਡਰੱਮ ਨੂੰ ਸੀਲ ਕਰ ਦਿੱਤਾ ਗਿਆ ਅਤੇ ਵਾਪਿਸ ਗੱਡੀ ਵਿੱਚ ਪਾ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਛਾਪੇਮਾਰੀ ਹੋਈ ਤਾਂ ਦੋਸ਼ੀ ਅਕਰਮ ਘਰ ‘ਚ ਮੌਜੂਦ ਨਹੀਂ ਸੀ।
ਦਰਜ ਕੇਸ ਵਿੱਚ ਦੱਸਿਆ ਗਿਆ ਹੈ ਕਿ ਆਬਕਾਰੀ ਸਟਾਫ਼ ਦੇ ਏਐਸਆਈ ਦੀ ਸੂਚਨਾ ’ਤੇ ਟੀਮ ਨੇ ਤੂੜੀ ਦੇ ਕਮਰੇ ਵਿੱਚੋਂ 35 ਲੀਟਰ ਲਾਹਣ ਬਰਾਮਦ ਕਰਕੇ ਆਬਕਾਰੀ ਐਕਟ ਦੀ ਧਾਰਾ 61 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਕਰਮ ਮਜ਼ਦੂਰ ਅਤੇ ਸਿਆਸੀ ਕਾਰਕੁਨ ਹੈ, ਜਿਸ ਦੇ ਖਿਲਾਫ ਪਹਿਲਾਂ ਵੀ ਦੋ ਕੇਸ ਦਰਜ ਹਨ।ਮਾਮਲੇ ਦੇ ਤੂਲ ਫੜਨ ਤੋਂ ਬਾਅਦ ਡੀਆਈਜੀ ਨਵੀਨ ਸਿੰਗਲਾ ਨੇ ਕਿਹਾ ਹੈ ਕਿ ਜੇਕਰ ਜਾਂਚ ਵਿੱਚ ਦੋਸ਼ ਸਹੀ ਪਾਏ ਗਏ ਤਾਂ ਸਬੰਧਤ ਪੁਲਿਸ ਟੀਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਐਸਐਸਪੀ ਤੋਂ ਰਿਪੋਰਟ ਮੰਗੀ ਜਾਵੇਗੀ।

