ਰਜਿੰਦਰ ਸਿੰਘ
ਸਿੱਖ ਕੌਮ ਦੇ ਜਦੋਂ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤਾਂ ਇਤਿਹਾਸ ਦੇ ਪੰਨਿਆਂ ਤੇ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇਗਾ ਜਿਸ ਦਿਨ ਕਿਸੇ ਸਿੱਖ ਦੀ ਸ਼ਹਾਦਤ ਨਾ ਹੋਈ ਹੋਵੇ । ਇਤਿਹਾਸ ਦੀ ਪੰਨਿਆਂ ਚ ਸਮੋਇਆ ਹੋਇਆ ਏ ਵੱਡਾ ਘੱਲੂਘਾਰਾ । ਘੱਲੂਘਾਰਾ ਦਾ ਅਰਥ ਹੈ ਤਬਾਹੀ ਸਰਵਨਾਸ਼। ਸਿੱਖ ਇਤਿਹਾਸ ਦੇ ਹਿੱਸੇ ਦੋ ਘੱਲੂਘਾਰੇ ਆਏ ਜਿਨ੍ਹਾਂ ਨੇ ਸਿੱਖ ਕੌਮ ਦਾ ਵੱਡਾ ਹਿੱਸਾ ਤਬਾਹ ਕਰਕੇ ਰੱਖ ਦਿੱਤਾ। 1746 ਈਸਵੀ ਨੂੰ ਵਾਪਰੇ ਛੋਟੇ ਘੱਲੂਘਾਰੇ ਦੌਰਾਨ ਜਿੱਥੇ ਹਜ਼ਾਰਾਂ ਸਿੱਖ ਸ਼ਹੀਦ ਹੋ ਗਏ ਤਾਂ ਉੱਥੇ ਹੀ ਵੱਡੇ ਘੱਲੂਘਾਰੇ ਨੇ ਘੱਟੋ ਘੱਟ ੩੦ ਤੋਂ ੩੫ ਹਜਾਰ ਸਿੱਖਾਂ ਦੀਆਂ ਸ਼ਹੀਦੀਆ੍ਂ ਲੈ ਲਈਆਂ । ਸਨ 1761 ਇਸ ਵਿੱਚ ਮਰਹੱਟਿਆਂ ਅਤੇ ਅਬਦਾਲੀ ਵਿਚਕਾਰ ਹੋਈ ਭਿਆਨਕ ਜੰਗ ਦੇ ਵਿੱਚ ਮਰਹੱਟਿਆਂ ਦੀ ਬੁਰੀ ਤਰ੍ਹਾਂ ਹਾਰ ਹੋਈ ਅਬਦਾਲੀ ਨੇ ਮਰਹੱਟਿਆਂ ਨੂੰ ਬੁਰੀ ਤਰ੍ਹਾਂ ਲੁੱਟਿਆ ਇਸ ਦੌਰਾਨ ਅਬਦਾਲੀ ਨੇ ਜਿਥੇ ਮਰਹੱਟਿਆਂ ਦੀ ਧਨ ਦੌਲਤ ਨੂੰ ਲੁੱਟਿਆ ਤਾਂ ਉੱਥੇ ਹੀ ਉਨ੍ਹਾਂ ਦੀਆਂ ਲੜਕੀਆਂ ਨੂੰ ਵੀ ਚੁੱਕ ਕੇ ਲੈ ਆਇਆ। ਇਸ ਦਾ ਪਤਾ ਜਦੋਂ ਸੁਲਤਾਨ ਉਲ ਕੌਮ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਲੱਗਿਆ ਤਾਂ ਉਨ੍ਹਾਂ ਨੇ ਸਿੱਖਾਂ ਸਮੇਤ ਅਬਦਾਲੀ ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਹਿੰਦੂ ਲੜਕੀਆਂ ਨੂੰ ਛੁਡਾ ਕੇ ਉਨ੍ਹਾਂ ਦੇ ਘਰੋ ਘਰੀ ਭੇਜ ਦਿੱਤਾ। ਸਿੱਖਾਂ ਦੀ ਇਸ ਜੁਰਅਤ ਨੂੰ ਦੇਖ ਕੇ ਅਬਦਾਲੀ ਕਲਪ ਉੱਠਿਆ ।ਉਸ ਸਮੇਂ ਤਾਂ ਅਬਦਾਲੀ ਭਾਵੇਂ ਚਲਾ ਗਿਆ ਪਰ ਉਸ ਨੇ ਸਿੱਖਾਂ ਤੋਂ ਬਦਲਾ ਲੈਣ ਦੀ ਠਾਣ ਲਈ। ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਰਬੱਤ ਖਾਲਸਾ ਬੁਲਾਇਆ ਗਿਆ ਇਸ ਦੌਰਾਨ ਸਿੱਖ ਕੌਮ ਵੱਲੋਂ ਗਦਾਰਾਂ ਨੂੰ ਸਮਝਾਉਣ ਅਤੇ ਸਬਕ ਸਿਖਾਉਣ ਦੇ ਲਈ ਗੁਰਮਤਾ ਪਾਸ ਕੀਤਾ ਗਿਆ ।
ਉਸ ਸਮੇਂ ਆਕਲ ਦਾਸ ਜਿਹੇ ਮੁਖ਼ਬਰ ਲਗਾਤਾਰ ਸਿੱਖਾਂ ਦੀਆਂ ਕਾਰਵਾਈਆਂ ਦੀ ਹਾਕਮਾਂ ਨੂੰ ਖ਼ਬਰ ਦਿੰਦੇ। ਇਸੇ ਲਈ ਸਿੰਘਾਂ ਵੱਲੋਂ ਸਰਬੱਤ ਖਾਲਸਾ ਬੁਲਾਇਆ ਗਿਆ ਸੀ। ਗੁਰਮਤਾ ਹੋਣ ਤੋਂ ਬਾਅਦ ਸਿੱਖ ਕੌਮ ਨੇ ਜੱਸਾ ਸਿੰਘ ਆਹਲੂਵਾਲੀਆ ਜੀ ਸਰਦਾਰ ਚੜ੍ਹਤ ਸਿੰਘ ਅਤੇ ਹੋਰ ਸਿੱਖ ਕੌਮ ਦੇ ਮਹਾਨ ਆਗੂਆਂ ਦੇ ਨਾਲ ਮਿਲ ਕੇ ਜੰਡਿਆਲਾ ਗੁਰੂ ਨੂੰ ਘੇਰਾ ਪਾ ਲਿਆ ਜਿਹੜਾ ਕਿ ਉਸ ਸਮੇਂ ਇਕ ਛੋਟਾ ਕਸਬਾ ਸੀ। ਆਕਲ ਖਾਂ ਇੱਥੇ ਹੀ ਰਹਿੰਦਾ ਸੀ। ਸਿੱਖਾਂ ਦੀ ਕਾਰਵਾਈ ਬਾਰੇ ਜਿਉੰ ਹੀ ਆਕਲ ਖ਼ਾਨ ਨੂੰ ਪਤਾ ਲੱਗਿਆ ਤਾਂ ਉਸ ਨੇ ਪਹਿਲਾਂ ਹੀ ਬੜੀ ਚਲਾਕੀ ਦੇ ਨਾਲ ਅਬਦਾਲੀ ਨੂੰ ਇਸ ਦੀ ਖ਼ਬਰ ਦੇ ਦਿੱਤੀ ਅਤੇ ਤੁਰੰਤ ਸਿੱਖਾਂ ਤੇ ਹਮਲਾ ਕਰਨ ਦੇ ਲਈ ਉਕਸਾਇਆ । ਅਬਦਾਲੀ ਪਹਿਲਾਂ ਹੀ ਮੌਕੇ ਦੀ ਤਾਕ ਵਿੱਚ ਸੀ ਤੇ ਸਿੰਘਾਂ ਤੋਂ ਕਿਸੇ ਢੰਗ ਤਰੀਕੇ ਬਦਲਾ ਲੈਣਾ ਚਾਹੁੰਦਾ ਸੀ । ਅਕਲ ਖਾਨ ਦੀ ਇਸ ਖ਼ਬਰ ਨੇ ਮਚਦੇ ਉੱਪਰ ਘਿਓ ਪਾਉਣ ਦਾ ਕੰਮ ਕੀਤਾ ਤੇ ਅਬਦਾਲੀ ਨੇ ਤੁਰੰਤ ਆਪਣਾ ਲਾਮ ਲਸ਼ਕਰ ਲੈ ਕੇ ਸਿੱਖਾਂ ਤੇ ਹਮਲਾ ਕਰ ਦਿੱਤਾ । ਸਿੰਘਾਂ ਨੂੰ ਜਿਉ ਹੀ ਉਸ ਹਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਹ ਘੇਰਾ ਤੋੜ ਦਿੱਤਾ । ਸਿੰਘ ਜੰਡਿਆਲਾ ਗੁਰੂ ਤੋਂ ਕੁਪ ਰਹੀੜਾ ਦੇ ਅਸਥਾਨ ਵੱਲ ਚਲੇ ਗਏ। ਉੱਧਰ ਅਬਦਾਲੀ ਬੜੇ ਗੁੱਸੇ ਚ ਬੜੀ ਤੇਜ਼ੀ ਦੇ ਨਾਲ ਸਿੱਖਾਂ ਤੇ ਹਮਲਾ ਕਰਨ ਲਈ ਵਧ ਰਿਹਾ ਸੀ। ਅਬਦਾਲੀ ਸਿੱਖਾਂ ਤੇ ਹਮਲਾ ਕਰਨ ਲਈ ਇਨ੍ਹੇ ਗੁੱਸੇ ਵਿੱਚ ਸੀ ਕਿ ਉਸ ਨੇ ੩੬ ਘੰਟੇ ਨਾ ਹੀ ਤਾਂ ਖ਼ੁਦ ਆਰਾਮ ਕੀਤਾ ਅਤੇ ਨਾ ਹੀ ਸੈਨਾ ਨੂੰ ਆਰਾਮ ਕਰਨ ਦਿੱਤਾ । ਅਬਦਾਲੀ ਗੁੱਸੇ ਚ ਮਾਰੋ ਮਾਰ ਕਰਦਾ ਹੋਇਆ ਜੰਡਿਆਲੇ ਪਹੁੰਚਿਆ ਤਾਂ ਉਥੇ ਆਕਲ ਖਾਂ ਨੇ ਉਸ ਨੂੰ ਖ਼ਬਰ ਦੇ ਦਿੱਤੀ ਕਿ ਸਿੰਘ ਮਲੇਰਕੋਟਲੇ ਵੱਲ ਚਲੇ ਗਏ ਹਨ । ਅੱਜ ਦੇ ਦਿਨ ਅਬਦਾਲੀ ਬੜੇ ਵੱਡੇ ਲਾਮ ਲਸ਼ਕਰ ਨਾਲ ਵੱਡੀਆਂ ਫੌਜਾਂ ਦੇ ਨਾਲ ਸਿੰਘਾਂ ਤੇ ਕੂਪਰਹੀੜੇ ਦੇ ਅਸਥਾਨ ਤੇ ਹਮਲਾ ਕਰ ਦਿੰਦਾ ਹੈ। ਸਵੇਰ ਵੇਲੇ ਹੀ ਅਬਦਾਲੀ ਵੱਲੋਂ ਹਮਲਾ ਕੀਤਾ ਜਾਂਦਾ ਏ ਜਦੋਂ ਸਿੰਘ ਭਜਨ ਬੰਦਗੀ ਵਿੱਚ ਜੁੜੇ ਹੁੰਦੇ ਨੇ ਨਿਤਨੇਮ ਕਰ ਰਹੇ ਹੁੰਦੇ ਨੇ । ਘੋੜਿਆਂ ਦੀਆਂ ਤੇਜ਼ ਆਵਾਜ਼ਾਂ ਸੁਣ ਕੇ ਸਿੰਘਾਂ ਵੱਲੋਂ ਨਗਾਰੇ ਤੇ ਚੋਟ ਲਾਈ ਜਾਂਦੀ ਹੈ। ਅਬਦਾਲੀ ਵੱਲੋਂ ਬੜੀ ਫੁਰਤੀ ਅਤੇ ਬੜੀ ਤੇਜੀ ਨਾਲ ਸਿੰਘਾਂ ਤੇ ਹਮਲਾ ਕੀਤਾ ਜਾਦਾ ਹੈ ਤੇ ਸਿੰਘਵੀ ਉਨ੍ਹੇ ਹੀ ਜੋਸ਼ ਦੇ ਨਾਲ ਅਬਦਾਲੀ ਦੇ ਹਮਲੇ ਦਾ ਸਾਹਮਣਾ ਕਰਦੇ ਨੇ। ਉਸ ਸਮੇਂ ਸਿੰਘਾਂ ਨਾਲ ਵੱਡੀ ਗਿਣਤੀ ਚ ਬੀਬੀਆਂ ਬੱਚੇ ਅਤੇ ਬਜ਼ੁਰਗ ਮੌਜੂਦ ਹਨ। ਇਕ ਪਾਸੇ ਸਿੰਘਾਂ ਵੱਲੋਂ ਜੰਗੇ ਮੈਦਾਨ ਅੰਦਰ ਬਹਾਦਰੀ ਅਤੇ ਸੂਰਬੀਰਤਾ ਦੇ ਜੌਹਰ ਦਿਖਾਏ ਜਾਂਦੇ ਹਨ ਤਾਂ ਉੱਥੇ ਹੀ ਬੀਬੀਆਂ ਅਤੇ ਬੱਚਿਆਂ ਦੀ ਵੀ ਹਿਫ਼ਾਜ਼ਤ ਕੀਤੀ ਜਾਂਦੀ ਹੈ । ਸਿੰਘਾਂ ਵੱਲੋਂ ਇੱਕ ਕਿਲ੍ਹਾ ਬਣਾ ਕੇ ਤੁਰਦੇ ਤੁਰਦੇ ਜੰਗ ਕੀਤਾ ਜਾਂਦਾ ਹੈ ਉਸ ਸਮੇਂ ਨਾਹਰਾ ਦਿੱਤਾ ਜਾਦਾ ਏ ਤੁਰ ਤੁਰ ਲੜੋ ਲੜ ਲੜ ਤੁਰੋਂ। ਸਿੰਘ ਅਬਦਾਲੀ ਦੀ ਫ਼ੌਜ ਨਾਲ ਲੜ ਵੀ ਰਹੇ ਨੇ ਤੇ ਅੱਗੇ ਵੀ ਵਧ ਰਹੇ ਨੇ ਇਸ ਦੌਰਾਨ ਕੁਝ ਦੂਰੀ ਤੇ ਜਾ ਕੇ ਸਿੰਘਾਂ ਦਾ ਸੁਰੱਖਿਆ ਕਵਚ ਟੁੱਟ ਜਾਂਦਾ ਏ ਤੇ ਅਬਦਾਲੀ ਦੀ ਸੈਨਾ ਉਸ ਘੇਰੇ ਦੇ ਅੰਦਰ ਚਲੀ ਜਾਂਦੀ ਹੈ। ਇੱਥੋਂ ਹੀ ਸ਼ੁਰੂ ਹੁੰਦੀ ਹੈ ਘੱਲੂਘਾਰੇ ਦੀ ਦਾਸਤਾਨ। ਤੁਰਕਾਂ ਵੱਲੋਂ ਕੋਹ ਕੋਹ ਕੇ ਬਜ਼ੁਰਗਾਂ ਬੱਚਿਆਂ ਅਤੇ ਬੀਬੀਆਂ ਨੂੰ ਮਾਰਿਆ ਜਾਂਦਾ ਏ। ਇਸ ਜੰਗ ਏ ਮੈਦਾਨ ਅੰਦਰ ਪੈਂਤੀ ਤੋਂ ਚਾਲੀ ਹਜ਼ਾਰ ਦੇ ਕਰੀਬ ਸਿੱਖ ਬੀਬੀਆਂ ਬੱਚੇ ਬਜ਼ੁਰਗ ਸ਼ਹਾਦਤ ਪ੍ਰਾਪਤ ਕਰਦੇ ਨੇ। ਵੱਡੀ ਗਿਣਤੀ ਚ ਸਿੰਘ ਜ਼ਖ਼ਮੀ ਹੋ ਜਾਂਦੇ ਨੇ। ਅਬਦਾਲੀ ਵੱਲੋਂ ਪ੍ਰਚਾਰ ਕੀਤਾ ਜਾਦਾ ਏ ਕਿ ਉਸ ਨੇ ਸਿੱਖਾਂ ਦਾ ਖੁਰਾ ਖੋਜ ਮਿਟਾ ਦਿੱਤਾ ਹੈ ਪਰ ਸਿੰਘਾਂ ਵੱਲੋਂ ਅਬਦਾਲੀ ਦਾ ਇਹ ਭ੍ਰਮ ਤਿੰਨ ਮਹੀਨੇ ਬਾਅਦ ਹੀ ਤੋੜ ਦਿੱਤਾ ਜਾਂਦਾ ਏ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਦਾ ਏ। ਤੇ ਸਿੰਘਾਂ ਵੱਲੋਂ ਬੜੀ ਬਹਾਦਰੀ ਅਤੇ ਬੀਰਤਾ ਦੇ ਨਾਲ ਅਬਦਾਲੀ ਨੂੰ ਅੰਮ੍ਰਿਤਸਰ ਦੀ ਲੜਾਈ ਦੇ ਵਿੱਚ ਹਰਾਇਆ ਜਾਂਦਾ ਏ । ਵੱਡੇ ਘੱਲੂਘਾਰੇ ਦੇ ਇਨ੍ਹਾਂ ਮਹਾਨ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਦੇ ਵਿੱਚ ਕੁੱਪ ਰਹੀੜਾ ਦੇ ਅਸਥਾਨ ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸੁਸ਼ੋਭਿਤ ਹੈ।
ਸੰਪਰਕ ਨੰ: 6283918083