ਚੰਡੀਗੜ੍ਹ: ਕਾਂਗਰਸ ਨੂੰ ਆਪਣੀ ਹਾਰ ਸਾਫ਼ ਨਜ਼ਰ ਆ ਗਈ ਹੈ। ਇਸੇ ਲਈ ਉਹ ਘਟੀਆ ਹੱਥਕੰਡੇ ਅਪਣਾਉਂਦੇ ਹੋਏ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕਿਸੇ ਐਡਿਟ ਕੀਤੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਗਈ ਹੈ।
ਸੂਬਾਈ ਭਾਜਪਾ ਦੇ ਜਨਰਲ ਸਕੱਤਰ ਅਤੇ ਚੋਣ ਸੰਚਾਲਨ ਕਮੇਟੀ ਦੇ ਕਨਵੀਨਰ ਜੀਵਨ ਗੁਪਤਾ ਨੇ ਕਿਹਾ ਕਿ ਇਸ ਵਾਰ ਜਨਤਾ ਨੇ ਪੰਜਾਬ ‘ਚੋਂ ਕਾਂਗਰਸ ਦਾ ਸਫਾਇਆ ਕਰਨ ਦਾ ਮਨ ਬਣਾ ਲਿਆ ਹੈ ਅਤੇ ਕਾਂਗਰਸ ਨੂੰ ਇਸ ਦਾ ਸਾਫ ਪਤਾ ਲੱਗ ਚੁੱਕਾ ਹੈ। ਇਸ ਡਰ ਨੂੰ ਲੁੱਕਾਉਣ ਲਈ ਕਾਂਗਰਸ ਇੱਕ ਪੁਰਾਣੀ ਵੀਡੀਓ ਐਡਿਟ ਕਰਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਰਾਜ ਦੌਰਾਨ ਪੰਜਾਬ ਵਿੱਚ ਬਹੁਤ ਤਬਾਹੀ ਮਚਾਈ ਹੈ। ਆਮ ਆਦਮੀ ਪਾਰਟੀ ਵੀ ਪੰਜਾਬ ਦੇ ਯੋਗ ਨਹੀਂ ਹੈ। ਆਮ ਆਦਮੀ ਪਾਰਟੀ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਤਮ ਕਰਨ ਅਤੇ ਪੰਜਾਬ ਵਿੱਚ ਅਰਾਜਕਤਾ ਫੈਲਾਉਣ ਵਾਲੀ ਪਾਰਟੀ ਹੈ। ਗੁਪਤਾ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੀ ਕਿਸੇ ਜਨਸਭਾ ‘ਚ ਇਹਨਾਂ ਦੇ ਖਿਲਾਫ ਭਾਸ਼ਣ ਦਿੱਤਾ ਹੋਵੇਗਾ, ਜਿਸ ਨੂੰ ਕਾਂਗਰਸ ਨੇ ਆਪਣੇ ਫਾਇਦੇ ਮੁਤਾਬਕ ਐਡਿਟ ਕਰਕੇ ਵਾਇਰਲ ਕਰ ਦਿੱਤਾ ਹੈ। ਜਿਸ ਨੂੰ ਭਾਜਪਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ। ਇਸ ਸਬੰਧੀ ਚੋਣ ਕਮਿਸ਼ਨ ਅਤੇ ਡੀਜੀਪੀ ਨੂੰ ਸ਼ਿਕਾਇਤ ਕਰਕੇ ਕਾਂਗਰਸ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ।