ਸਭ ਤੋਂ ਵੱਡਾ ਡਰੱਗ ਮਾਫੀਆ ਇਕਵਾਡੋਰ ਦੀ ਜੇਲ ‘ਚੋਂ ਫਰਾਰ, ਬੰਦੂਕਧਾਰੀ ਟੀਵੀ ਸਟੂਡੀਓ ‘ਚ ਹੋਏ ਦਾਖਲ

Rajneet Kaur
3 Min Read

ਕਿਊਟੋ: ਇਕਵਾਡੋਰ ਦੇ ਸਭ ਤੋਂ ਖ਼ਤਰਨਾਕ ਅਪਰਾਧੀਆਂ ਵਿੱਚੋਂ ਇੱਕ ਦੇ ਆਪਣੇ ਸੈੱਲ ‘ਚੋਂ ਗਾਇਬ ਹੋਣ ਤੋਂ ਬਾਅਦ ਦੇਸ਼ ਭਰ ਦੀਆਂ ਜੇਲ੍ਹਾਂ ਵਿੱਚ ਦੰਗੇ ਭੜਕ ਰਹੇ ਹਨ। ਕਈ ਜੇਲ੍ਹਾਂ ਵਿੱਚ ਦੰਗਿਆਂ ਦੌਰਾਨ ਗਾਰਡਾਂ ਨੂੰ ਬੰਧਕ ਬਣਾ ਲਿਆ ਗਿਆ ਹੈ। ਕਈ ਪੁਲਿਸ ਮੁਲਾਜ਼ਮਾਂ ਅਤੇ ਜੇਲ੍ਹ ਅਧਿਕਾਰੀਆਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।

ਰਾਸ਼ਟਰਪਤੀ ਡੇਨੀਅਲ ਨੋਬੋਆ ਦੁਆਰਾ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਨ ਅਤੇ ਫਿਰ 22 ਅਪਰਾਧਿਕ ਗਰੋਹਾਂ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦਾ ਆਦੇਸ਼ ਜਾਰੀ ਕੀਤੇ ਜਾਣ ਤੋਂ ਬਾਅਦ ਦੇਸ਼ ਵਿੱਚ ਸੁਰੱਖਿਆ ਸਥਿਤੀ ਨਾਜ਼ੁਕ ਹੋ ਗਈ ਹੈ। ਦੇਸ਼ ਵਿੱਚ ਵਿਸਫੋਟ, ਪੁਲਿਸ ਮੁਲਾਜ਼ਮਾਂ ਨੂੰ ਅਗਵਾ ਕਰਨ ਅਤੇ ਜੇਲ੍ਹ ਤੋੜ ਕੇ ਕੈਦੀਆਂ ਦੇ ਫਰਾਰ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਦੌਰਾਨ, ਨਕਾਬਪੋਸ਼ ਬੰਦੂਕਧਾਰੀ ਇੱਕ ਲਾਈਵ ਟੈਲੀਵਿਜ਼ਨ ਸਟੂਡੀਓ ਵਿੱਚ ਦਾਖਲ ਹੋ ਗਏ। ਨਾਲ ਹੀ ਉਨ੍ਹਾਂ ਨੇ ਡਰੇ ਹੋਏ ਕਰਮਚਾਰੀਆਂ ਨੂੰ ਧਮਕਾਇਆ। ਹਥਿਆਰਬੰਦ ਵਿਅਕਤੀਆਂ ਨੇ ਮੰਗਲਵਾਰ ਨੂੰ ਗੁਆਯਾਕਿਲ ਸ਼ਹਿਰ ਵਿੱਚ ਟੈਲੀਵਿਜ਼ਨ ਸਟੇਸ਼ਨ ਟੀਸੀ ਦੇ ਲਾਈਵ ਪ੍ਰਸਾਰਣ ਵਿੱਚ ਵਿਘਨ ਪਾ ਦਿੱਤਾ ਲਾਈਵ ਫੀਡ ‘ਤੇ ਗੋਲੀਬਾਰੀ ਅਤੇ ਚੀਕਾਂ ਸੁਣਾਈ ਦਿੱਤੀਆਂ। ਹਮਲਾਵਰਾਂ ‘ਚੋਂ ਕੁਝ ਨੇ ਕੈਮਰੇ ਵੱਲ ਇਸ਼ਾਰਾ ਵੀ ਕੀਤਾ

ਰਿਪੋਰਟ ਦੇ ਅਨੁਸਾਰ, ਨੈਸ਼ਨਲ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਉਹ ਗੁਆਯਾਕਿਲ ਵਿੱਚ ਜਨਤਕ ਚੈਨਲ ਦੇ ਸਟੂਡੀਓ ਨੂੰ ਖਾਲੀ ਕਰ ਰਹੀ ਹੈ, ਉੱਥੇ ਕਰਮਚਾਰੀਆਂ ਦੀ ਸਥਿਤੀ ਦੀ ਜਾਂਚ ਕਰ ਰਹੀ ਹੈ ਅਤੇ ‘ਆਰਡਰ ਮੁੜ ਸਥਾਪਿਤ’ ਕਰ ਰਹੀ ਹੈ। ਗੁਆਯਾਕਿਲ ਵਿੱਚ ਪੁਲਿਸ ਨੇ 13 ਗ੍ਰਿਫਤਾਰੀਆਂ ਦੀ ਪੁਸ਼ਟੀ ਕੀਤੀ ਹੈ। ਪੁਲਿਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਫਰਸ਼ ‘ਤੇ ਪਏ ਨੌਜਵਾਨਾਂ ਦੀਆਂ ਫੋਟੋਆਂ ਦਿਖਾਈਆਂ ਗਈਆਂ, ਉਨ੍ਹਾਂ ਦੇ ਹੱਥ ਪਿੱਠ ਪਿੱਛੇ ਜ਼ਿਪ ਨਾਲ ਬੰਨ੍ਹੇ ਹੋਏ ਸਨ।

ਰਿਪੋਰਟ ਦੇ ਅਨੁਸਾਰ, ਟੀਸੀ ਨਿਊਜ਼ ਕੋਆਰਡੀਨੇਟਰ ਅਤੇ ਰਿਪੋਰਟਰ ਲਿਓਨਾਰਡੋ ਫਲੋਰਸ ਮੋਰੇਨੋ ਨੇ ਕਿਹਾ ਕਿ ਹਮਲਾਵਰ ਗਾਮਾਵਿਜ਼ਨ ਦੇ ਰਿਸੈਪਸ਼ਨ ਵਿੱਚ ਦਾਖਲ ਹੋਏ, ਉੱਥੇ ਕਰਮਚਾਰੀਆਂ ‘ਤੇ ਹਮਲਾ ਕੀਤਾ ਅਤੇ ਡਾਇਨਾਮਾਈਟ ਛੱਡ ਦਿੱਤਾ। ਉਨ੍ਹਾਂ ਕਿਹਾ ਅਸੀਂ ਇੱਕ ਮੀਟਿੰਗ ਵਿੱਚ ਸੀ ਅਤੇ ਉਨ੍ਹਾਂ ਨੇ ਸਾਨੂੰ ਸੁਚੇਤ ਕੀਤਾ ਅਤੇ ਅਸੀਂ ਲੁਕਣ ਵਿੱਚ ਕਾਮਯਾਬ ਹੋ ਗਏ।

ਦਸ ਦਈਏ ਕਿ 44 ਸਾਲਾ ਡਰੱਗ ਲਾਰਡ ਅਡੋਲਫੋ ਮੇਕੀਆਸ ਉਰਫ ਫਿਟੋ ਦੇ ਐਤਵਾਰ ਨੂੰ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਉਹ ਇਕਵਾਡੋਰ ਦੇ ਬੰਦਰਗਾਹ ਸ਼ਹਿਰ ਗੁਆਯਾਕਿਲ ਦੀ ਇਕ ਜੇਲ੍ਹ ਤੋਂ ਗਾਇਬ ਹੋ ਗਿਆ ਸੀ। ਉਹ ਉਸੇ ਸ਼ਹਿਰ ਦੀ ਇੱਕ ਹੋਰ ਵੱਧ ਸੁਰੱਖਿਆ ਵਾਲੀ ਜੇਲ੍ਹ ਵਿੱਚ ਤਬਦੀਲ ਕੀਤੇ ਜਾਣ ਤੋਂ ਪਹਿਲਾਂ ਆਪਣੀ ਸਜ਼ਾ ਭੁਗਤ ਰਿਹਾ ਸੀ। ਜਿਵੇਂ ਹੀ ਉਹ ਗਾਇਬ ਹੋਇਆ, ਦੇਸ਼ ਭਰ ਦੀਆਂ ਲਗਭਗ ਸਾਰੀਆਂ ਜੇਲ੍ਹਾਂ ਵਿੱਚ ਹਿੰਸਾ ਭੜਕ ਗਈ। ਅਡੋਲਫੋ ਮੈਕਿਆਸ ਦੇ ਸਮਰਥਕਾਂ ਅਤੇ ਕਾਰਕੁਨਾਂ ਨੇ ਜੇਲ੍ਹ ਅਧਿਕਾਰੀਆਂ ‘ਤੇ ਹਮਲਾ ਕੀਤਾ। ਇਨ੍ਹਾਂ ਹਮਲਿਆਂ ਵਿੱਚ ਕਈ ਪੁਲਿਸ ਮੁਲਾਜ਼ਮ ਅਤੇ ਜੇਲ੍ਹ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment