ਪਰਲਜ਼ ਗੁਰੁੱਪ ਦੇ ਮਾਲਕ ਨਿਰਮਲ ਭੰਗੂ ਦੀ ਧੀ ਦਾ ਵੱਡਾ ਬਿਆਨ, ‘ਪਰਲਜ਼ ਗਰੁੱਪ ’ਚ ਫਸੇ ਲੋਕਾਂ ਦਾ ਇੱਕ-ਇੱਕ ਪੈਸਾ ਹੋਵੇਗਾ ਵਾਪਿਸ’

Global Team
5 Min Read

5.5 ਕਰੋੜ ਨਿਵੇਸ਼ਕਾਂ ਨਾਲ 45,000 ਕਰੋੜ ਤੋਂ ਵੱਧ ਦੀ ਧੋਖਾਧੜੀ ਕਰਨ ਵਾਲੇ ਪਰਲ ਗਰੁੱਪ ਆਫ਼ ਕੰਪਨੀਜ਼ ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ ਦੀ ਧੀ ਨੇ ਇੱਕ ਵੱਡਾ ਐਲਾਨ ਕੀਤਾ ਹੈ। ਉਸ ਦੀ ਧੀ ਨੇ ਕਿਹਾ ਕਿ ਉਹ ਕੱਲੇ-ਕੱਲੇ ਨਿਵੇਸ਼ਕਾਂ ਦੇ ਪੈਸੇ ਮੋੜਨ ‘ਚ ਪੂਰਾ ਸਾਥ ਦੇਵਾਂਗੀ। ਉਸਨੇ ਕਿਹਾ ਕਿ ਮੈਂ ਓਨੀ ਦੇਰ ਅਰਾਮ ਨਾਲ ਨਹੀਂ ਰਹਾਂਗੀ ਜਦੋਂ ਤੱਕ ਮੇਰੇ ਪਿਤਾ ਦਾ ਸੁਪਨਾ ਪੂਰਾ ਨਾ ਹੋ ਜਾਵੇ।

ਬਰਿੰਦਰ ਕੌਰ ਨੇ ਇਕ ਇਸ਼ਤਿਆਰ ਰਾਹੀਂ ਇਸ ਦੀ ਜਾਣਕਾਰੀ ਦਿਤੀ। ਉਸ ਨੇ ਕਿਹਾ ਕਿ ਬਹੁਤ ਹੀ ਡੂੰਘੇ ਦੁੱਖ ਅਤੇ ਗ਼ਮ ਨਾਲ ਅਸੀਂ ਆਪ ਜੀ ਨੂੰ ਸਾਡੇ ਪਿਤਾ ਸ. ਨਿਰਮਲ ਸਿੰਘ ਭੰਗੂ ਦੇ ਅਕਾਲ ਚਲਾਣੇ ਦੀ ਸੂਚਨਾ ਮਿਲੀ ਹੋਵੇਗੀ। ਮੇਰੇ ਪਿਤਾ ਨਿਰਮਲ ਸਿੰਘ ਭੰਗੂ ਪਰਲਜ਼ ਗਰੁੱਪ ਦੇ ਹਰੇਕ ਨਿਵੇਸ਼ਕ ਨੂੰ ਪੈਸੇ ਵਾਪਸ ਕਰਨ ਦੇ ਇਕੋ-ਇਕ, ਅਟੱਲ ਸੁਪਨੇ ਪ੍ਰਤੀ ਪ੍ਰਤੀਬੱਧ ਸਨ।

ਉਸ ਨੇ ਕਿਹਾ ਕਿ ਪੀਏਸੀਐੱਲ ਅਤੇ ਪੀਜੀਐੱਫ ਲਿਮਟਿਡ ਦੇ ਨਿਵੇਸ਼ਕਾਂ ਨੂੰ ਪੈਸੇ ਦੀ ਵਾਪਸੀ ਨਾਲ ਸਬੰਧਤ ਮੁੱਦਿਆਂ ‘ਤੇ ਸੁਪਰੀਮ ਕੋਰਟ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਨੇ 2 ਕਮੇਟੀਆਂ ਬਣਾਈਆਂ ਹਨ, ਜੋ ਨਿਵੇਸ਼ਕਾਂ ਨੂੰ ਪੈਸੇ ਵਾਪਸ ਕਰਨ ਦੀ ਨਿਗਰਾਨੀ ਕਰ ਰਹੀਆਂ ਹਨ। ਪਰਲ ਗਰੁੱਪ ਪਰਿਵਾਰ ਵੱਲੋਂ ਤੇ ਆਪਣੇ ਪਿਆਰੇ ਪਿਤਾ ਦੇ ਸਨਮਾਨ  ਵਿੱਚ ਮੈਂ ਤੁਹਾਨੂੰ ਭਰੋਸਾ ਦਿੰਦੀ ਹਾਂ ਕਿ ਅਸੀ ਹਰ ਸੰਭਵ ਕੋਸ਼ਿਸ਼ ਕਰਾਂਗੇ ਹਰ ਨਿਵੇਸ਼ਕ ਦਾ ਪੈਸਾ ਮੁੜੇ।’

ਪਰਲਜ਼ ਗਰੁੱਪ ਪਰਿਵਾਰ ਦੀ ਤਰਫ਼ੋਂ ਅਤੇ ਆਪਣੇ ਪਿਆਰੇ ਪਿਤਾ ਦੇ ਮਾਣ-ਸਤਿਕਾਰ ਵਿਚ, ਮੈਂ ਇਸ ਦੁਆਰਾ ਤੁਹਾਨੂੰ ਯਕੀਨ ਦਿਵਾਉਂਦੀ ਹਾਂ ਕਿ ਮੈਂ ਪਰਲਜ਼ ਗਰੁੱਪ ਦੇ ਹਰੇਕ ਨਿਵੇਸ਼ਕ ਨੂੰ ਪੈਸੇ ਵਾਪਸ ਕਰਨ ਸੰਬੰਧੀ ਨਿਆਇਕ ਅਤੇ ਅਰਧ-ਨਿਆਂਇਕ ਅਥਾਰਟੀਜ਼ ਨੂੰ ਆਪਣਾ ਪੂਰਾ ਸਹਿਯੋਗ ਅਤੇ ਮੁਕੰਮਲ ਸਮਰਥਨ ਦੇਵਾਂਗੀ।

ਬਰਿੰਦਰ ਕੌਰ ਨੇ ਕਿਹਾ ਕਿ ਮੈਂ ਓਨੀ ਦੇਰ ਤੱਕ ਚੈਨ ਨਾਲ ਨਹੀਂ ਬੈਠਾਂਗੀ ਜਿੰਨੀ ਦੇਰ ਮੇਰੇ ਪਿਤਾ ਜੀ ਦਾ ਸੁਪਨਾ-ਜਿਸ ਸੁਪਨੇ ਲਈ ਉਹ ਜਿਉਂਦੇ ਸਨ ਅਤੇ ਜਿਸ ਲਈ ਪ੍ਰਾਣ ਤਿਆਗੇ-ਸਾਕਾਰ ਨਹੀਂ ਹੋ ਜਾਂਦਾ। ਪੀਏਸੀਐਲ ਲਿਮਟਿਡ ਅਤੇ ਪੀਜੀਐਫ ਲਿਮਟਿਡ ਦੇ ਹਰੇਕ ਨਿਵੇਸ਼ਕ ਨੂੰ ਮੈਂ ਮੁੜ ਯਕੀਨ ਦਿਵਾਉਂਦੀ ਹਾਂ ਕਿ ਮੈਂ ਤੁਹਾਡੇ ਅਧਿਕਾਰਾਂ ਦੀ ਸੁਰੱਖਿਆ ਲਈ ਕੋਈ ਕਸਰ ਨਹੀਂ ਛੱਡਾਂਗੀ ਅਤੇ ਮੈਂ ਓਨੀ ਦੇਰ ਤੱਕ ਇਸ ਕੰਮ ਵਿਚ ਹਮੇਸ਼ਾ ਲੱਗੀ ਰਹਾਂਗੀ, ਜਿੰਨੀ ਦੇਰ ਤੱਕ ਤੁਹਾਨੂੰ ਸਭ ਨੂੰ ਪੈਸੇ ਵਾਪਸ ਨਹੀਂ ਹੋ ਜਾਂਦੇ।

ਉਸਨੇ ਕਿਹਾ ਕਿ ਮੈਂ ਆਪਣੇ ਪਿਤਾ ਦੀ ਨੇਕ ਆਤਮਾ ਦੀ ਸਦੀਵੀ ਸ਼ਾਂਤੀ ਲਈ ਤੁਹਾਡੀਆਂ ਦਿਲੀ ਪ੍ਰਾਰਥਨਾਵਾਂ ਅਤੇ ਆਸ਼ੀਰਵਾਦ ਦੀ ਮੰਗ ਕਰਦੀ ਹਾਂ। ਉਨਾਂ ਦੀ ਗ਼ੈਰ ਮੌਜੂਦਗੀ ਨਾਲ ਅਜਿਹਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ, ਲੇਕਿਨ ਤੁਹਾਡਾ ਸਮਰਥਨ ਸਾਨੂੰ ਨਾ ਸਹਿਣਯੋਗ ਸਦਮੇ ਨੂੰ ਸਹਿਣ ਦਾ ਬਲ ਬਖਸ਼ੇਗਾ। ਆਓ ਅਸੀਂ ਇਸ ਅਧੂਰੇ ਕੰਮ ਨੂੰ ਇਕੱਠੇ ਹੋ ਕੇ ਪੂਰਾ ਕਰੀਏ |

ਨਿਰਮਲ ਸਿੰਘ ਭੰਗੂ 45 ਹਜ਼ਾਰ ਕਰੋੜ ਦੀ ਠੱਗੀ ਦੇ ਮਾਮਲੇ ਵਿੱਚ ਦਿੱਲੀ ਦੀ ਤਿਹਾੜੇ ਜੇਲ੍ਹ ਵਿੱਚ ਬੰਦ ਸਨ । 25 ਅਗਸਤ ਨੂੰ ਉਨ੍ਹਾਂ ਦੀ ਤਬੀਅਤ ਖਰਾਬ ਹੋਈ ਤਾਂ ਦਿੱਲੀ ਦੇ ਦੀਨ ਦਿਆਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ ।  ਭੰਗੂ ਨੂੰ ਜਨਵਰੀ 2016 ਵਿਚ ਕੇਂਦਰੀ ਜਾਂਚ ਬਿਊਰੋ (CBI) ਨੇ ਗ੍ਰਿਫ਼ਤਾਰ ਕੀਤਾ ਸੀ।

ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ  ਬਰਨਾਲਾ ਜ਼ਿਲ੍ਹੇ ਦਾ ਵਸਨੀਕ ਸੀ, ਇਸ ਤੋਂ ਬਾਅਦ ਉਹ 70 ਦੇ ਦਹਾਕੇ ਵਿੱਚ ਨੌਕਰੀ ਦੀ ਤਲਾਸ਼ ਵਿੱਚ ਕੋਲਕਾਤਾ ਚਲੇ ਗਏ। ਉਥੇ ਉਸ ਨੇ ਕੁਝ ਸਾਲ ਪੀਅਰਲੇਸ ਨਾਮ ਦੀ ਇਨਵੈਸਟਮੈਂਟ ਕੰਪਨੀ ਵਿਚ ਕੰਮ ਕੀਤਾ । ਭੰਗੂ ਨੇ 1980 ਵਿੱਚ ਪਰਲਜ਼ ਗੋਲਡਨ ਫੋਰੈਸਟ ਨਾਂ ਦੀ ਕੰਪਨੀ ਬਣਾਈ, ਜਿਸ ਨੇ ਰੁੱਖਾਂ ਦੇ ਬੂਟਿਆਂ ਵਿੱਚ ਨਿਵੇਸ਼ ਕਰਕੇ ਲੋਕਾਂ ਨੂੰ ਚੰਗੇ ਮੁਨਾਫੇ ਦਾ ਵਾਅਦਾ ਕੀਤਾ। 1996 ਤੱਕ ਉਸ ਨੇ ਇਸ ਤੋਂ ਕਰੋੜਾਂ ਰੁਪਏ ਇਕੱਠੇ ਕਰ ਲਏ ਸਨ ਪਰ ਇਨਕਮ ਟੈਕਸ ਅਤੇ ਹੋਰ ਪੜਤਾਲਾਂ ਕਾਰਨ ਉਸ ਨੂੰ ਇਹ ਕੰਪਨੀ ਬੰਦ ਕਰਨੀ ਪਈ।

ਫਿਰ ਨਿਰਮਲ ਸਿੰਘ ਭੰਗੂ ਨੇ PACL ਨਾਂ ਦੀ ਇੱਕ ਰੀਅਲ ਅਸਟੇਟ ਕੰਪਨੀ (REAL ESTATE) ਬਣਾਈ ਅਤੇ ਫਿਰ ਇਸ ਨੂੰ ਇੱਕ ਨਿਵੇਸ਼ ਸਕੀਮ ਵਿੱਚ ਬਦਲ ਦਿੱਤਾ। ਲੋਕਾਂ ਨੂੰ ਭਾਰੀ ਮੁਨਾਫ਼ੇ ਦਾ ਲਾਲਚ ਦੇ ਕੇ ਕਰੋੜਾਂ ਰੁਪਏ ਦਾ ਨਿਵੇਸ਼ ਕਰਵਾ ਲਿਆ ਅਤੇ ਕੁਝ ਹੀ ਸਮੇਂ ਵਿੱਚ 5 ਕਰੋੜ ਭੋਲੇ-ਭਾਲੇ ਨਿਵੇਸ਼ਕਾਂ ਨੇ 50,000 ਕਰੋੜ ਰੁਪਏ ਦਾ ਨਿਵੇਸ਼ ਕਰ ਲਿਆ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

 

 

Share This Article
Leave a Comment