ਵਾਸ਼ਿੰਗਟਨ :– ਭੰਗ ਵਰਗੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਕਰਕੇ ਵ੍ਹਾਈਟ ਹਾਊਸ ਨੇ ਆਪਣੇ 5 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਤੇ ਇਹ ਮੁੱਦਾ ਰਾਸ਼ਟਰਪਤੀ ਜੋਅ ਬਾਇਡਨ ਲਈ ਗੰਭੀਰ ਹੁੰਦਾ ਜਾ ਰਿਹਾ ਹੈ। ਵਾਸ਼ਿੰਗਟਨ ਡੀਸੀ ਸਣੇ 15 ਸੂਬਿਆਂ ਨੇ ਮਨੋਰੰਜਨ ਲਈ ਇਸ ਦੀ ਵਰਤੋਂ ਦੀ ਇਜਾਜ਼ਤ ਦੇ ਰੱਖੀ ਹੈ ਉੱਥੇ ਸੰਘੀ ਸਰਕਾਰ ਨੇ ਇਸ ‘ਤੇ ਪਾਬੰਦੀ ਲਗਾ ਰੱਖੀ ਹੈ।
ਵ੍ਹਾਈਟ ਹਾਊਸ ਦੀ ਪ੍ਰਰੈੱਸ ਸਕੱਤਰ ਜੇਨ ਪਾਕੀ ਨੇ ਕਿਹਾ ਹੈ ਕਿ ਸਿਰਫ਼ ਭੰਗ ਦੀ ਵਰਤੋਂ ਕਰਨ ਕਾਰਨ ਮੁਲਾਜ਼ਮਾਂ ਨੂੰ ਨੌਕਰੀ ਤੋਂ ਨਹੀਂ ਕੱਢਿਆ ਗਿਆ ਹੈ ਸਗੋਂ ਇਸ ਦੇ ਪਿੱਛੇ ਹੋਰ ਵੀ ਕਾਰਨ ਹਨ, ਪਰ ਉਨ੍ਹਾਂ ਨੇ ਦੂਜੇ ਕਾਰਨਾਂ ਦੀ ਜਾਣਕਾਰੀ ਨਹੀਂ ਦਿੱਤੀ।
ਦੱਸ ਦਈਏ ਪ੍ਰਸ਼ਾਸਨ ਨੇ ਸੁਰੱਖਿਆ ਨਾਲ ਜੁੜੇ ਸੈਂਕੜੇ ਮੁਲਾਜ਼ਮਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ ਹੈ। ਹੁਣ ਅਜਿਹੇ ਲੋਕਾਂ ਨੂੰ ਵੀ ਵ੍ਹਾਈਟ ਹਾਊਸ ‘ਚ ਮੁਲਾਜ਼ਮ ਰੱਖਣ ਦਾ ਰਸਤਾ ਸਾਫ਼ ਹੋ ਗਿਆ ਹੈ ਜੋ ਇਕ ਸਾਲ ‘ਚ 15 ਵਾਰ ਇਸ ਦੀ ਵਰਤੋਂ ਕਰ ਚੁੱਕੇ ਹਨ। ਭੰਗ ਦੀ ਵਰਤੋਂ ਨੂੰ ਲੈ ਕੇ ਸੰਘੀ ਸਰਕਾਰ ਵੀ ਕੁਝ ਹੱਦ ਤਕ ਉਦਾਰ ਹੋਈ ਹੈ। ਪ੍ਰਸੋਨਲ ਪ੍ਰਬੰਧਨ ਦਫ਼ਤਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਕਿਸੇ ਵਿਅਕਤੀ ਨੂੰ ਕੇਵਲ ਇਸ ਲਈ ਅਯੋਗ ਨਹੀਂ ਠਹਿਰਾਇਆ ਜਾਣਾ ਚਾਹੀਦਾ ਕਿ ਉਸ ਨੇ ਪਿਛਲੇ ਦਿਨੀਂ ਭੰਗ ਦੀ ਵਰਤੋਂ ਕੀਤੀ ਹੈ।