ਜੰਮੂ ਕਸ਼ਮੀਰ ਲਈ ਬਣਾਇਆ ‘ਟੈਰਰ ਮਾਨੀਟਰਿੰਗ ਗਰੁੱਪ’ ਪੰਜਾਬ ਵਿੱਚ ਵੀ ਕਰੇਗਾ ‘ਐਕਸ਼ਨ’ !

TeamGlobalPunjab
4 Min Read

ਨਵੀਂ ਦਿੱਲੀ : ਅੱਤਵਾਦੀਆਂ ਖਿਲਾਫ਼ ਕਾਰਵਾਈ ਕਰਨ ਵਾਲੇ ‘ਟੈਰਰ ਮਾਨੀਟਰਿੰਗ ਗਰੁੱਪ’ (TMG) ਦਾ ਦਾਇਰਾ ਵਧਾ ਦਿੱਤਾ ਗਿਆ ਹੈ, ਇਕ ਹੁਣ ਪੰਜਾਬ ਅੰਦਰ ਵੀ ਅੱਤਵਾਦ ਰੋਕੂ ਕਾਰਵਾਈਆਂ ਨੂੰ ਅੰਜਾਮ ਦੇਵੇਗਾ।

ਕੇਂਦਰ ਸਰਕਾਰ ਦੇ ਤਾਜ਼ਾ ਫੈਸਲੇ ਅਨੁਸਾਰ ਜੰਮੂ ਕਸ਼ਮੀਰ ਵਿੱਚ ਅੱਤਵਾਦ ਨੂੰ ਠਲ੍ਹ ਪਾਉਣ ਲਈ ਕੇਂਦਰ ਸਰਕਾਰ ਵੱਲੋਂ ਬਣਾਇਆ ਗਿਆ ‘ਟੈਰਰ ਮਾਨੀਟਰਿੰਗ ਗਰੁੱਪ’ ਹੁਣ ਵਾਦੀ ਤੋਂ ਬਾਹਰ ਵੀ ਕੰਮ ਕਰੇਗਾ। ਇਸ ਬਾਰੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਰੁੱਪ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਸੂਬੇ ਪੰਜਾਬ ਵਿੱਚ ਵੀ ‘ਐਕਟਿਵ’ ਹੋਵੇਗਾ ਅਤੇ ਪੰਜਾਬ ਦੀ ਪੁਲਿਸ ਦੇ ਨਾਲ ਮਿਲ ਕੇ ਅੱਤਵਾਦ ਰੋਕੂ ਕਾਰਵਾਈਆਂ ਨੂੰ ਠਲ੍ਹਣ ਲਈ ਐਕਸ਼ਨ ਕਰੇਗਾ।

ਸੁਰੱਖ਼ਿਆ ਫ਼ੋਰਸਾਂ ਦੇ ਸੂਤਰਾਂ ਦੇ ਹਵਾਲੇ ਨਾਲ ਤਾਜ਼ਾ ਖ਼ਬਰ ਇਹ ਹੈ ਕਿ ਕੇਂਦਰੀ ਜਾਂਚ ਏਜੰਸੀਆਂ ਅਤੇ ਰਾਜ ਪੁਲਿਸ ਵੱਲੋਂ ਕੀਤੀਆਂ ਤਾਜ਼ਾ ਜਾਂਚਾਂ ਅਨੁਸਾਰ ਜੰਮੂ ਕਸ਼ਮੀਰ ਵਿੱਚ ਅੱਤਵਾਦ ਦੇ ਨੈਟਵਰਕ ਨੂੰ ਹਥਿਆਰ ਅਤੇ ਫੰਡ ਪੰਜਾਬ ਦੇ ਬਾਰਡਰ ਰੂਟ ਰਾਹੀਂ ਮੁਹੱਈਆ ਕਰਵਾਏ ਜਾ ਰਹੇ ਹਨ।

ਕੇਂਦਰ ਦਾ ਇਹ ‘ਟੈਰਰ ਮੈਨੇਜਿੰਗ ਗਰੁੱਪ’ (ਟੀ.ਐਮ.ਜੀ.) ਪੰਜਾਬ ਪੁਲਿਸ ਦੇ ਸਹਿਯੋਗ ਨਾਲ ‘ਉਵਰਗਰਾਊਂਡ ਵਰਕਰਜ਼’ ਨੂੰ ਕਸ਼ਮੀਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਕਾਬੂ ਕਰੇਗਾ।

- Advertisement -

ਇੰਟੈਲੀਜੈਂਸ ਇਨਪੁਟਸ ਦੇ ਹਵਾਲੇ ਨਾਲ ਸੂਤਰਾਂ ਤੋਂ ਖ਼ਬਰ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਖ਼ਾਲਿਸਤਾਨ ਦੀ ਲਹਿਰ ਨੂੰ ਮੁੜ ਸੁਰਜੀਤ ਕਰਨ ਲਈ ਯਤਨਸ਼ੀਲ ਹੈ ਅਤੇ ਇਸ ਲਈ ਉਹ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿੱਚ ਰਹਿੰਦੀਆਂ ਖਾੜਕੂ ਧਿਰਾਂ ਨੂੰ ਸਮਰਥਨ ਦੇ ਰਹੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਟੀ.ਐਮ.ਜੀ. ਪੰਜਾਬ ਪੁਲਿਸ ਨਾਲ ਮਿਲ ਕੇ ਫੰਡਾਂ ਅਤੇ ਹਥਿਆਰਾਂ ਦੀ ਆਮਦ ਨੂੰ ਰੋਕਣ ਦਾ ਯਤਨ ਕਰੇਗੀ ਜਦਕਿ ਦੋਹਾਂ ਸੂਬਿਆਂ ਦੀਆਂ ਸੁਰੱਖ਼ਿਆ ਫ਼ੋਰਸਿਜ਼ ਇਸ ਕੰਮ ਨੂੰ ਅੰਜਾਮ ਦੇਣ ਵਾਲਿਆਂ ਨਾਲ ਨਜਿੱਠਣਗੀਆਂ।

ਸੁਰੱਖ਼ਿਆ ਗਰਿੱਡ ਦੇ ਇਕ ਸੂਤਰ ਦੇ ਹਵਾਲੇ ਨਾਲ ਖ਼ਬਰ ਏਜੰਸੀ ਵੱਲੋਂ ਜਾਰੀ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਡਰੋਨਾਂ ਰਾਹੀਂ ਹਥਿਆਰ ਅਤੇ ਨਸ਼ੇ ਸਪਲਾਈ ਕਰਨ ਦੇ ਕਈ ਮਾਮਲੇ ਪੰਜਾਬ ਅਤੇ ਜੰਮੂ ਖ਼ੇਤਰ ਵਿੱਚ ਸਾਹਮਣੇ ਆਏ ਜਿਨ੍ਹਾਂ ਨੂੰ ਪੁਲਿਸ ਵੱਲੋਂ ਹੇਠਾਂ ਸੁੱਟ ਲਿਆ ਗਿਆ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆ ਰਹੇ ਡਰੋਨਾਂ ਵਿੱਚੋਂ ਕੁਝ ‘ਮਾਨੀਟਰਿੰਗ ਸਿਸਟਮ’ ਦੇ ਘੇਰੇ ਤੋਂ ਬਚ ਜਾਣ।

ਕਿਹਾ ਜਾ ਰਿਹਾ ਹੈ ਕਿ ਕਸ਼ਮੀਰ ਵਾਦੀ ਵਿੱਚ ਟੀ.ਐਮ.ਜੀ. ਹੋਰ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਕਈ ਅੱਤਵਾਦੀਆਂ ਨਾਲ ਨਜਿੱਠਣ ਵਿੱਚ ਕਾਮਯਾਬ ਰਹੀ ਹੈ ਜਿਸ ਕਰਕੇ ਇਸ ਦਾ ਘੇਰਾ ਵਧਾ ਕੇ ਪੰਜਾਬ ਤਕ ਲਿਆਂਦਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਟੀ.ਐਮ.ਜੀ.ਨੇ ਸਹੀ ਜਾਣਕਾਰੀ ਦੇ ਆਧਾਰ ’ਤੇ ਅੱਤਵਾਦੀਆਂ ਦੇ ਖਿਲਾਫ਼ ਭਾਰਤ-ਪਾਕਿਸਤਾਨ ਸਰਹੱਦ ’ਤੇ ਕੁਝ ਹੀ ਕਿਲੋਮੀਟਰ ਅੰਦਰ ਕਾਰਵਾਈ ਕਰਦਿਆਂ ਕਈ ਸਫ਼ਲ ਆਪਰੇਸ਼ਨਾਂ ਨੂੰ ਅੰਜਾਮ ਦਿੱਤਾ ਹੈ।

ਟੀ.ਐਮ.ਜੀ. ਵਿੱਚ ਕੇਂਦਰੀ ਖੁਫ਼ੀਆ ਏਜੰਸੀਆਂ, ਸੀ.ਆਰ.ਪੀ.ਐਫ., ਅਤੇ ਰਾਜ ਪੁਲਿਸ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ ਅਤੇ ਇਹ ਗਰੁੱਪ ਜੰਮੂ ਕਸ਼ਮੀਰ ਵਿੱਚ ਆਮ ਲੋਕਾਂ ਨੂੰ ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਪਿਛਲੇ ਮਹੀਨੇ ਹੀ ਸਥਾਪਿਤ ਕੀਤਾ ਗਿਆ ਹੈ।

- Advertisement -

ਅਧਿਕਾਰੀਆਂ ਦਾ ਕਹਿਣਾ ਹੈ ਕਿ ਕਸ਼ਮੀਰ ਘਾਟੀ ‘ਚ ਅੱਤਵਾਦੀਆਂ ਨੂੰ ਬੇਅਸਰ ਕਰਨ ਲਈ ਟੀਐਮਜੀ ਨੇ ਜਿਸ ਤਰ੍ਹਾਂ ਨਾਲ ਹੋਰ ਕੇਂਦਰੀ ਏਜੰਸੀਆਂ ਨਾਲ ਕੰਮ ਕੀਤਾ ਹੈ, ਉਹ ਬੇਹੱਦ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ। ਟੀਐਮਜੀ ਨੇ ਅਤਿ ਸਟੀਕ ਖੁਫੀਆ ਸੂਚਨਾਵਾਂ ਦੇ ਆਧਾਰ ‘ਤੇ ਭਾਰਤੀ ਸਰਹੱਦ ਦੇ ਕੁਝ ਕਿਲੋਮੀਟਰ ਦੇ ਅੰਦਰ ਅੱਤਵਾਦੀਆਂ ਦੇ ਖਿਲਾਫ ਨਿਰਣਾਇਕ ਕਾਰਵਾਈਆਂ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਹੈ। ਇਸ ਕਾਮਯਾਬੀ ਦੇ ਮੱਦੇਨਜ਼ਰ ਟੀਐਮਜੀ (ਟੈਰਰ ਮਾਨੀਟਰਿੰਗ ਗਰੁੱਪ) ਦਾ ਦਾਇਰਾ ਜੰਮੂ-ਕਸ਼ਮੀਰ ਤੋਂ ਬਾਹਰ ਵੀ ਵਧਾ ਦਿੱਤਾ ਗਿਆ ਹੈ।

Share this Article
Leave a comment