ਜੰਮੂ – ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਰਾਜ ‘ਚ ਸੁਰੱਖਿਆ ਏਜੰਸੀਆਂ ਦੀ ਚੌਕਸ ਨਿਗਰਾਨੀ ਤੇ ਹਨ। ਜਿਸ ਕਾਰਨ ਘੁਸਪੈਠ ਦੀਆਂ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਪਾਕਿਸਤਾਨੀ ਅੱਤਵਾਦੀ ਹੁਣ ਭਾਰਤ ‘ਚ ਦਾਖਲ ਹੋਣ ਲਈ ਨਵੇਂ ਰਸਤੇ ਲਭ ਰਹੇ ਹਨ।
ਖ਼ੁਫ਼ੀਆ ਰਿਪੋਰਟ ਮੁਤਾਬਿਕ, ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਛੇ ਅੱਤਵਾਦੀ ਸ੍ਰੀਲੰਕਾ ਦੇ ਰਸਤਿਓਂ ਤਾਮਿਲਨਾਡੂ ‘ਚ ਦਾਖ਼ਲ ਹੋ ਚੁੱਕੇ ਹਨ। ਇਸ ਇਨਪੁੱਟ ਸਬੰਧੀ ਖ਼ੁਫ਼ੀਆ ਏਜੰਸੀਆਂ ਨੇ ਕੋਇੰਬਟੂਰ ਤੇ ਤਾਮਿਲਨਾਡੂ ‘ਚ ਅਲਰਟ ਜਾਰੀ ਕੀਤਾ ਹੈ।
ਜੰਮੂ-ਕਸ਼ਮੀਰ ‘ਤੇ ਸਰਕਾਰ ਦੇ ਸਖ਼ਤ ਫ਼ੈਸਲੇ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ। ਪਾਕਿ ਫ਼ੌਜ ਅਤੇ ਆਈਐੱਸਆਈ ਜੰਮੂ-ਕਸ਼ਮੀਰ ਦੇ ਨਾਲ-ਨਾਲ ਦੇਸ਼ ‘ਚ ਮਾਹੌਲ ਖ਼ਰਾਬ ਕਰਨ ਦੀ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ। ਪਾਕਿਸਤਾਨ ਫ਼ੌਜ ਸਰਹੱਦ ‘ਤੇ ਆਏ ਦਿਨ ਗੋਲੀਬਾਰੀ ਕਰ ਰਹੀ ਹੈ ਤਾਂ ਜੋ ਇਸ ਦੀ ਆੜ ‘ਚ ਅੱਤਵਾਦੀਆਂ ਦੀ ਘੁਸਪੈਠ ਕਰਵਾਈ ਜਾ ਸਕੇ। ਹਾਲਾਂਕਿ ਸਰਹੱਦ ‘ਤੇ ਫ਼ੌਜ ਦੇ ਜਵਾਨ ਮੁਸਤੈਦ ਹਨ ਇਸ ਲਈ ਪਾਕਿਸਤਾਨ ਆਪਣੇ ਮਕਸਦ ‘ਚ ਕਾਮਯਾਬ ਨਹੀਂ ਹੋ ਪਾ ਰਿਹਾ।
ਇੱਥੇ ਜਾਰੀ ਕੀਤੇ ਅਲਰਟ ਮੁਤਾਬਕ, ਘੁਸਪੈਠ ਕਰਨ ਵਾਲੇ ਅੱਤਵਾਦੀਆਂ ‘ਚ ਇਕ ਪਾਕਿਸਤਾਨੀ ਜਦਕਿ ਬਾਕੀ ਪੰਜ ਸ੍ਰੀਲੰਕਾਈ ਤਾਮਿਲ ਹਨ। ਇਸ ਅਲਰਟ ਨੂੰ ਦੇਖਦੇ ਹੋਏ ਚੇਨਈ ‘ਚ ਸੁਰੱਖਿਆ ਬਲਾਂ ਦੀ ਚੌਕਸੀ ਵਧਾ ਦਿੱਤੀ ਗਈ ਹੈ।
ਉੱਥੇ ਹੀ ਚੇਨਈ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਖ਼ੁਫ਼ੀਆ ਏਜੰਸੀਆਂ ਦੇ ਅਲਰਟ ਨੂੰ ਦੇਖਦੇ ਹੋਏ ਸ਼ਹਿਰ ‘ਚ ਮੁਲਾਜ਼ਮਾਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ, ਨਾਲ ਹੀ ਜ਼ਰੂਰੀ ਸਾਵਧਾਨੀਆਂ ਵੀ ਵਰਤੀਆਂ ਜਾ ਰਹੀਆਂ ਹਨ। ਏਜੰਸੀਆਂ ਦੀ ਮੰਨੀਏ ਤਾਂ ਪਾਕਿ ਅਫ਼ਗਾਨ ਅੱਤਵਾਦੀਆਂ ਨੂੰ ਕਸ਼ਮੀਰ ‘ਚ ਘੁਸਪੈਠ ਦੀ ਸਾਜ਼ਿਸ਼ ਰਚ ਰਿਹਾ ਹੈ।