ਅੰਬਾਲਾ: ਅੰਬਾਲਾ ਦੇ ਪੰਜੋਖਰਾ ਸਾਹਿਬ ਗੁਰਦੁਆਰਾ ਕੰਪਲੈਕਸ ਦੇ ਬਾਹਰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਸਿੱਖ ਭਾਈਚਾਰੇ ਅਤੇ ਆਈਏਕੇਟੀਐਫ ਦੇ ਰਾਸ਼ਟਰੀ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਵਿਚਕਾਰ ਵਿਵਾਦ ਹੋ ਗਿਆ। ਮਾਮਲਾ ਵਧਣ ਤੋਂ ਬਾਅਦ ਕੁਝ ਲੋਕਾਂ ਵੱਲੋਂ ਮੰਡ ’ਤੇ ਹਮਲਾ ਕਰਨ ਅਤੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਨ੍ਹਾਂ ਦੀ ਕਾਰ ਦੀ ਭੰਨਤੋੜ ਕਰਨ ਦਾ ਦੋਸ਼ ਹੈ।
ਇਸ ਘਟਨਾ ਵਿੱਚ ਗੁਰਸਿਮਰਨ ਸਿੰਘ ਮੰਡ, ਉਨ੍ਹਾਂ ਦੇ ਪੁੱਤਰ ਅਤੇ ਦੋ ਸਬ-ਇੰਸਪੈਕਟਰ ਜ਼ਖ਼ਮੀ ਹੋਏ ਹਨ। ਸਾਰਿਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮੰਡ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਵੀ ਪ੍ਰਦਾਨ ਕੀਤੀ ਗਈ ਹੈ।
ਕਾਰ ਪੈਰਾਂ ਉੱਪਰ ਚੜ੍ਹਾਉਣ ਦੇ ਇਲਜ਼ਾਮ
ਅਕਾਲੀ ਦਲ ਹਰਿਆਣਾ ਦੇ ਸਾਬਕਾ ਮੀਡੀਆ ਇੰਚਾਰਜ ਵੱਲੋਂ ਦੋਸ਼ ਲਗਾਇਆ ਗਿਆ ਕਿ ਮੰਡ ਦੀ ਕਾਰ ਪਹਿਲਾਂ ਇੱਕ ਵਿਅਕਤੀ ਦੇ ਪੈਰ ਉੱਪਰੋਂ ਲੰਘੀ। ਵਿਰੋਧ ਹੋਣ ਤੋਂ ਬਾਅਦ ਕਾਰ ਤੇਜ਼ ਕੀਤੀ ਗਈ ਅਤੇ ਇੱਕ ਹੋਰ ਵਿਅਕਤੀ ਦੇ ਪੈਰ ਉੱਪਰੋਂ ਵੀ ਗੱਡੀ ਲੰਘਣ ਦਾ ਦਾਅਵਾ ਕੀਤਾ ਗਿਆ। ਜਦੋਂ ਕਾਰ ਤੀਜੇ ਵਿਅਕਤੀ ਵੱਲ ਵਧੀ ਤਾਂ ਮੌਜੂਦ ਲੋਕਾਂ ਨੇ ਉਸ ਨੂੰ ਰੋਕ ਲਿਆ।
ਸਾਬਕਾ ਮੀਡੀਆ ਇੰਚਾਰਜ ਨੇ ਇਹ ਵੀ ਦੋਸ਼ ਲਗਾਇਆ ਕਿ ਕਾਰ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਮੰਡ ਨੇ ਕਥਿਤ ਤੌਰ ’ਤੇ ਅਪਸ਼ਬਦ ਵਰਤੇ ਅਤੇ ਹਥਿਆਰ ਦਿਖਾਏ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਕਾਰਨ ਮੌਕੇ ’ਤੇ ਤਣਾਅ ਹੋਰ ਵਧ ਗਿਆ। ਉਨ੍ਹਾਂ ਮੰਡ ਖ਼ਿਲਾਫ਼ ਵੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਮੰਡ ਨੇ ਦੱਸੀ ਆਪਣੀ ਹੱਡਬੀਤੀ
ਦੂਜੇ ਪਾਸੇ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਉਹ ਗੁਰਦੁਆਰਾ ਪੰਜੋਖਰਾ ਸਾਹਿਬ ਮੱਥਾ ਟੇਕਣ ਗਏ ਸਨ, ਪਰ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਤੋਂ ਬਾਅਦ ਉਹ ਕਾਰ ਵਿੱਚ ਬੈਠ ਕੇ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਮੁਤਾਬਕ ਅਚਾਨਕ ਭੀੜ ਵਧੀ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ। ਮੰਡ ਨੇ ਦੋਸ਼ ਲਗਾਇਆ ਕਿ ਉਨ੍ਹਾਂ ’ਤੇ ਤਲਵਾਰਾਂ ਅਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ ਅਤੇ ਕਾਰ ਦੀ ਵੀ ਭੰਨਤੋੜ ਕੀਤੀ ਗਈ। ਉਨ੍ਹਾਂ ਆਪਣੇ ਅਤੇ ਪੁੱਤਰ ਦੇ ਗੰਭੀਰ ਜ਼ਖ਼ਮੀ ਹੋਣ ਦੀ ਗੱਲ ਕਹੀ।
ਪੁਲਿਸ ਵੱਲੋਂ ਨਿਰਪੱਖ ਜਾਂਚ
ਅੰਬਾਲਾ ਕੈਂਟ ਦੇ ਡੀਐਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੰਜੋਖਰਾ ਸਾਹਿਬ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਸਮਾਗਮ ਚੱਲ ਰਹੇ ਸਨ। ਝਗੜੇ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਕੀਤਾ। ਪੁਲਿਸ ਮੁਤਾਬਕ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

