ਟੋਰਾਂਟੋ : ਟੋਰਾਂਟੋ ਦੇ ਆਲ ਬੁਆਏਜ਼ ਕੈਥੋਲਿਕ ਸਕੂਲ ਦੇ ਇੱਕ ਹੋਰ ਵਿਦਿਆਰਥੀ ਉੱਤੇ ਜਿਨਸੀ ਹਮਲਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਟੀਨੇਜਰ ਨੂੰ ਦੋ ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਹੈ, ਜਿਸ ਵਿੱਚ ਉਸ ਨੂੰ ਜੇਲ੍ਹ ਨਹੀਂ ਜਾਣਾ ਹੋਵੇਗਾ।
ਜੂਨ ਵਿੱਚ ਸਾਮੂਹਿਕ ਜਿਨਸੀ ਹਮਲੇ ਦੇ ਮਾਮਲੇ ਵਿੱਚ ਜੱਜ ਵੱਲੋਂ ਟੀਨੇਜਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। 2018 ਵਿੱਚ ਸੇਂਟ ਮਾਈਕਲਜ਼ ਕਾਲਜ ਸਕੂਲ ਦੇ ਲਾਕਰ ਰੂਮ ਵਿੱਚ ਇੱਕ ਲੜਕੇ ਦਾ ਜਿਨਸੀ ਸ਼ੋਸ਼ਣ ਕਰਨ ਤੇ ਇੱਕ ਹੋਰ ਲੜਕੇ ਨੂੰ ਹਥਿਆਰ ਵਿਖਾ ਕੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲਿਆਂ ਵਿੱਚ ਵੀ ਇਸ ਟੀਨੇਜਰ ਨੂੰ ਦੋਸ਼ੀ ਪਾਇਆ ਗਿਆ।ਇਸ ਤੋਂ ਪਹਿਲਾਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸਰਕਾਰੀ ਵਕੀਲਾਂ ਵੱਲੋਂ ਕੀਤੀ ਗਈ ਸਿਫਾਰਿਸ਼ ਅਨੁਸਾਰ ਇਸ ਲੜਕੇ ਨੂੰ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਦਕਿ ਬਚਾਅ ਪੱਖ ਦੇ ਵਕੀਲਾਂ ਅਨੁਸਾਰ ਇਨ੍ਹਾਂ ਮਾਮਲਿਆਂ ਵਿੱਚ ਦੋਸ਼ੀ ਪਾਏ ਗਏ ਚਾਰ ਹੋਰਨਾਂ ਵਾਂਗ ਹੀ ਇਸ ਟੀਨੇਜਰ ਨੂੰ ਵੀ ਦੋ ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਇਸ ਨੂੰ ਜੇਲ੍ਹ ਨਹੀਂ ਭੇਜਿਆ ਜਾਣਾ ਚਾਹੀਦਾ।