ਰਾਜ ਪੱਧਰੀ ਮੇਲਾ ‘ਤੀਆਂ ਤੀਜ ਦੀਆਂ’ : ਦੀਨਾਨਗਰ ਵਿਖੇ ਆਯੋਜਿਤ ਮੇਲੇ ‘ਚ ਮੰਤਰੀ ਅਰੁਨਾ ਚੌਧਰੀ ਨੇ ਕੀਤੀ ਸ਼ਿਰਕਤ

TeamGlobalPunjab
5 Min Read

ਪੰਜਾਬ ਸਰਕਾਰ ਵਲੋਂ ਔਰਤਾਂ ਦੇ ਸ਼ਕਤੀਕਰਨ ਲਈ ਕੀਤੇ ਗਏ ਵਿਸ਼ੇਸ਼ ਉਪਰਾਲੇ: ਅਰੁਨਾ ਚੌਧਰੀ

ਚੰਡੀਗੜ੍ਹ/ਗੁਰਦਾਸਪੁਰ :  ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਪੰਜਾਬ ਅਰੁਨਾ ਚੌਧਰੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਔਰਤਾਂ ਦੇ ਸ਼ਕਤੀਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਅਤੇ ਔਰਤਾਂ ਨੂੰ ਸਮਾਜ ਵਿੱਚ ਅੱਗੇ ਵਧਣ ਦੇ ਵਧੇਰੇ ਮੌਕੇ ਮੁਹੱਈਆ ਕਰਵਾਏ ਗਏ ਹਨ। ਉਹ ਅੱਜ ਦੀਨਾਨਗਰ ਵਿਖੇ ਮਨਾਏ ਗਏ ‘ਰਾਜ ਪੱਧਰੀ ਮੇਲਾ-ਤੀਆਂ ਤੀਜ ਦੀਆਂ’ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ।

ਇਸ ਮੌਕੇ ਕੈਬਨਿਟ ਮੰਤਰੀ ਚੌਧਰੀ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਖੁਸ਼ੀਆਂ ਤੇ ਚਾਵਾਂ ਵਾਲਾ ਤਿਉਹਾਰ ਹੈ ਅਤੇ ਇਹ ਦਿਨ ਔਰਤਾਂ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਰੱਖਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਸ਼ਕਤੀਕਰਨ ਲਈ ਠੋਸ ਉਪਰਾਲੇ ਕੀਤੇ ਗਏ ਹਨ ਅਤੇ ਇਸ ਤੋਂ ਪਹਿਲਾਂ ਧੀਆਂ ਦੀ ਲੋਹੜੀ ਵੀ ਮਨਾਈ ਗਈ ਸੀ ਅਤੇ ਮੁੱਖ ਮੰਤਰੀ ਪੰਜਾਬ ਦੇ ਹਸਤਾਖਰਾਂ ਵਾਲੇ ਸਰਟੀਫਿਕੇਟ ਨਵਜੰਮੀਆਂ ਧੀਆਂ ਨੂੰ ਦਿੱਤੇ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਰਾਜ ਸਰਕਾਰ ਨੇ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ, ਸਥਾਨਕ ਅਤੇ ਪੰਚਾਇਤੀ ਚੋਣਾਂ ਵਿੱਚ 50 ਫ਼ੀਸਦੀ ਰਾਖਵਾਂਕਰਨ, ਔਰਤਾਂ ਲਈ ਮੁਫਤ ਬੱਸ ਸਹੂਲਤ, ਮਾਤਾ ਤ੍ਰਿਪਤਾ ਮਹਿਲਾ ਯੋਜਨਾ ਤਹਿਤ ਔਰਤਾਂ ਨੂੰ ਮੁਫ਼ਤ ਸੈਨੇਟਰੀ ਪੈਡ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਗਰਭਵਤੀ ਔਰਤਾਂ ਨੂੰ ਵਿੱਤੀ ਮਦਦ, ਬੁਢਾਪਾ, ਵਿਧਵਾ ਪੈਨਸ਼ਨ ਦੁੱਗਣੀ ਕੀਤੀ ਗਈ ਅਤੇ ਆਸ਼ਰਿਤ ਵਿੱਤੀ ਸਹਾਇਤਾ ਵਿਚ ਵਾਧਾ ਕੀਤਾ ਗਿਆ ਹੈ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਦੱਸਿਆ ਕਿ 1 ਜੁਲਾਈ ਤੋਂ 750 ਰੁਪਏ ਤੋਂ ਵਧਾ ਕੇ 1500 ਰੁਪਏ ਕੀਤੀ ਗਈ ਸਮਾਜਿਕ ਸੁਰੱਖਿਆ ਪੈਨਸ਼ਨ ਦੀ ਅਦਾਇਗੀ ਅਗਸਤ ਮਹੀਨੇ ਤੋਂ ਕਰਨ ਲਈ ਵੰਡ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਯੋਗ ਪਾਏ ਗਏ 26 ਲੱਖ 21 ਹਜ਼ਾਰ 201 ਲਾਭਪਾਤਰੀਆਂ ਨੂੰ ਪੈਨਸ਼ਨਾਂ ਦੀ ਵੰਡ ਕਰਨ ਲਈ ਸੂਬਾ ਸਰਕਾਰ ਨੇ ਇਸ ਵਿੱਤੀ ਵਰ੍ਹੇ ਦੌਰਾਨ 4000 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਾਜਿਕ ਸੁਰੱਖਿਆ ਮਾਸਿਕ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰਨ ਦੀ ਮਨਜ਼ੂਰੀ ਪਿੱਛੋਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਦਿਆਂ 1 ਜੁਲਾਈ ਤੋਂ ਇਹ ਵਾਧਾ ਲਾਗੂ ਕਰ ਦਿੱਤਾ ਗਿਆ ਸੀ, ਜਿਸ ਦੀ ਅਦਾਇਗੀ ਸਬੰਧੀ ਪ੍ਰਕਿਰਿਆ ਅਗਸਤ ਮਹੀਨੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ।

- Advertisement -

ਜ਼ਿਕਰਯੋਗ ਹੈ ਕਿ ਮਾਸਿਕ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ (ਦੁੱਗਣੀ) ਕਰਨ ਦੇ ਮੱਦੇਨਜ਼ਰ 2021-22 ਦੌਰਾਨ 4,000 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ, ਜੋ ਸਾਲ 2020-21 ਦੇ 2,320 ਕਰੋੜ ਰੁਪਏ ਦੇ ਬਜਟਰੀ ਖਰਚਿਆਂ ਦੇ ਮੁਕਾਬਲੇ 72 ਫੀਸਦੀ ਵੱਧ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ 17,64,909 ਬਜ਼ੁਰਗਾਂ, 4,90,539 ਵਿਧਵਾਵਾਂ ਅਤੇ ਬੇਸਹਾਰਾ ਔਰਤਾਂ, 2,09,110 ਦਿਵਿਆਂਗ ਵਿਅਕਤੀਆਂ ਅਤੇ 1,56,643 ਆਸ਼ਰਿਤ ਬੱਚਿਆਂ ਨੂੰ ਦੁੱਗਣੀ ਪੈਨਸ਼ਨ ਦਾ ਲਾਭ ਮਿਲੇਗਾ।

ਇਸ ਮੌਕੇ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿਪੁਲ ਉਜਵਲ ਨੇ ਕਿਹਾ ਕਿ ਕੈਬਨਿਟ ਮੰਤਰੀ ਅਰੁਨਾ ਚੌਧਰੀ ਦੀ ਅਗਵਾਈ ਹੇਠ ਵਿਭਾਗ ਨੇ ਮਿਸਾਲੀ ਉਪਰਾਲੇ ਕੀਤੇ ਹਨ, ਜਿਸ ਨਾਲ ਔਰਤਾਂ ਦੇ ਮਾਣ-ਸਨਮਾਨ ਵਿਚ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੀਨਾਨਗਰ ਵਿਖੇ ਕਰਵਾਏ ਗਏ ‘ਰਾਜ ਪੱਧਰੀ ਮੇਲਾ-ਤੀਆਂ ਤੀਜ ਦੀਆਂ’ ਤਹਿਤ ਸੂਬਾ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਕੀਮਾਂ ਸਬੰਧੀ ਔਰਤਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਲੜੀਵਾਰ ਸਮਾਗਮ ਕਰਵਾਏ ਜਾਣਗੇ, ਜਿਸ ਦੀ ਅੱਜ ਦੀਨਾਨਗਰ ਤੋਂ ਸ਼ੁਰੂਆਤ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ  ਅਰੁਨਾ ਚੌਧਰੀ ਦਾ ਸਮਾਗਮ ਵਿੱਚ ਪਹੁੰਚਣ ਉਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਵੱਖ-ਵੱਖ ਸਟਾਲਾਂ ਵਿੱਚ ਜਾ ਕੇ ਘਰੇਲੂ ਖਾਣੇ ਦਾ ਆਨੰਦ ਵੀ ਮਾਣਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਤੇ ਸਮਾਗਮ ਦੀ ਸਮਾਪਤੀ ਗਿੱਧੇ ਨਾਲ ਹੋਈ, ਜਿਸ ਵਿੱਚ ਸਾਰਿਆਂ ਨੇ ਹਿੱਸਾ ਲਿਆ।

ਇਸ ਮੌਕੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੌਧਰੀ, ਜੁਆਇੰਟ ਡਾਇਰੈਕਟਰ ਗੁਰਜਿੰਦਰ ਸਿੰਘ ਮੌੜ,  ਸਰਬਜੀਤ ਕੌਰ ਪਾਹੜਾ ਧਰਮ ਪਤਨੀ ਹਲਕਾ ਵਿਧਾਇਕ ਗੁਰਦਾਸਪੁਰ, ਸ਼ਾਹਲਾ ਕਾਦਰੀ ਧਰਮ ਪਤਨੀ ਡਿਪਟੀ ਕਮਿਸ਼ਨਰ ਗੁਰਦਾਸਪੁਰ, ਡਾ. ਹਰਨੀਤ ਕੌਰ ਭਾਟੀਆ ਧਰਮ ਪਤਨੀ ਐਸ.ਐਸ.ਪੀ ਗੁਰਦਾਸਪੁਰ, ਇਨਾਇਤ ਐਸ.ਡੀ.ਐਮ. ਦੀਨਾਨਗਰ, ਅੰਮ੍ਰਿਤਬੀਰ ਕੌਰ ਵਾਲੀਆ ਵਾਈਸ ਚੇਅਰਪਰਸਨ ਮਹਿਲਾ ਕਮਿਸ਼ਨ, ਸਤਿੰਦਰ ਕੌਰ ਧਰਮ ਪਤਨੀ ਪ੍ਰਧਾਨ ਨਗਰ ਕੌਂਸਲ ਗੁਰਦਾਸਪੁਰ, ਅਭਿਨਵ ਚੌਧਰੀ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅੰਮ੍ਰਿਤਸਰ ਮਨਜਿੰਦਰ ਸਿੰਘ ਹਾਜ਼ਰ ਸਨ।

Share this Article
Leave a comment