ਅੰਮ੍ਰਿਤਸਰ: ਭਾਈ ਨਿਰਮਲ ਸਿੰਘ ਖ਼ਾਲਸਾ ਦੇ ਵੇਰਕਾ ਪਿੰਡ ਵਿੱਚ ਸਸਕਾਰ ਰੋਕਣ ਵਾਲਿਆਂ ਦੀ ਅਗਵਾਈ ਕਰਨ ਵਾਲੇ ਮੁੱਖ ਅਧਿਆਪਕ ਹਰਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਹੁਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਆਇਆ ਹੈ ਅਤੇ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
ਦੱਸ ਦਈਏ ਮਾਸਟਰ ਹਰਪਾਲ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਸ਼ਹਿਜਾਦਾ ਬਲਾਕ ਮਜੀਠਾ ਟੂ ‘ਚ ਹੈੱਡ ਟੀਚਰ ਦੇ ਅਹੁਦੇ ‘ਤੇ ਸੀ। ਹਰਪਾਲ ਸਿੰਘ ਦੀ ਅਗਵਾਈ ਵਿਚ ਪਿੰਡ ਵੇਰਕਾ ਦੇ ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸ਼ਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਈ ਖ਼ਾਲਸਾ ਦਾ ਸੰਸਕਾਰ ਵੇਰਕਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਨਿਰਮਲ ਸਿੰਘ ਖ਼ਾਲਸਾ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ਿਟਿਵ ਆਈ ਸੀ, ਜਿਸ ਤੋਂ ਅਗਲੇ ਦਿਨ ਹੀ ਉਨ੍ਹਾ ਦੀ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਉਨ੍ਹਾਂ ਦੀ ਦੇਹ ਦਾ ਸਸਕਾਰ ਕੀਤਾ ਜਾਣਾ ਸੀ ਪਰ ਮਾਸਟਰ ਹਰਪਾਲ ਨੇ ਸਥਾਨਕ ਲੋਕਾਂ ਨਾਲ ਇਸ ਥਾਂ ‘ਤੇ ਸਸਕਾਰ ਦਾ ਵਿਰੋਧ ਕੀਤਾ ਸੀ। ਇਸ ਮਗਰੋਂ ਨਿਰਮਲ ਸਿੰਘ ਦਾ ਸਸਕਾਰ ਫ਼ਤਹਿਗੜ੍ਹ ਸ਼ੁੱਕਰ ਚੱਕ ਦੇ ਨੇੜੇ ਕੀਤਾ ਗਿਆ ਸੀ।