ਮੁਹਾਲੀ (ਬਿੰਦੂ ਸਿੰਘ) : ਪੰਜ-ਛੇ ਕੈਟਾਗਰੀਆਂ ਨਾਲ ਸਬੰਧਤ ਕੱਚੇ ਅਧਿਆਪਕਾਂ ਨੇ ਅੱਜ ਪੰਜਾਬ ਸਰਕਾਰ ਨੂੰ ਇਕ ਹੋਰ ਵਖਤ ਪਾ ਦਿੱਤਾ ਜਦੋਂ ਇਕੱਠੇ ਹੋਏ ਇਨ੍ਹਾਂ ਅਧਿਆਪਕਾਂ ਨੇ ਮੁਹਾਲੀ ਸਥਿਤ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਦਾ ਘਿਰਾਓ ਕਰ ਲਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸਥਿਤੀ ਉਸ ਵੇਲੇ ਗੰਭੀਰ ਹੋ ਗਈ ਜਦੋਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਚਾਰ-ਪੰਜ ਅਧਿਆਪਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੁੱਖ ਬਿਲਡਿੰਗ ਉੱਤੇ ਚੜ੍ਹ ਗਏ। ਇਕ ਅਧਿਆਪਕਾ ਨੇ ਸਲਫਾਸ ਦੀਆਂ ਗੋਲੀਆਂ ਵੀ ਖਾ ਲਈਆਂ ਜਿਸ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।
ਸਲਫਾਸ ਨਿਗਲਣ ਵਾਲੀ ਅਧਿਆਪਕਾ
ਦਰਅਸਲ ਕੱਚੇ ਅਧਿਆਪਕ ਯੂਨੀਅਨ ਵਲੋਂ ਅੱਜ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਸਿੱਖਿਆ ਸਕੱਤਰ ਦੇ ਦਫ਼ਤਰ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਤੇ ਸਕੱਤਰ ਸਕੂਲ ਸਿੱਖਿਆ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਬਾਅਦ ਦੁਪਹਿਰ ਅਧਿਆਪਕ ਮੁੱਖ ਮੰਤਰੀ ਦਫ਼ਤਰ ਚੰਡੀਗੜ੍ਹ ਤੱਕ ਰੋਸ ਮਾਰਚ ਕਰਨਗੇ । ਯੂਨੀਅਨ ਦੇ ਪੰਜ ਆਗੂਆਂ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਝਕਾਨੀ ਦਿੰਦਿਆਂ ਵਿੱਦਿਆ ਭਵਨ ਦੀ ਸੱਤਵੀਂ ਮੰਜ਼ਿਲ ‘ਤੇ ਪਹੁੰਚ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ । ਆਗੂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਥੱਲੇ ਉਤਾਰਨ ਦੀ ਧੱਕਾਸ਼ਾਹੀ ਕੀਤੀ ਗਈ ਤਾਂ ਉਹ ਆਪਣੇ ਆਪ ਨੂੰ ਅੱਗ ਲਗਾ ਲੈਣਗੇ।
ਅਧਿਆਪਕਾਂ ਨੂੰ ਮਨਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਮੁੱਖ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਅਧਿਆਪਕਾਂ ਦਾ ਗੁੱਸਾ ਹੋਰ ਜ਼ਿਆਦਾ ਉਬਾਲ ਮਾਰ ਰਿਹਾ ਹੈ। ਅਧਿਆਪਕਾਂ ਨੇ ਸਾਫ ਕਰ ਦਿੱਤਾ ਹੈ ਕਿ ਉਹ ਹੁਣ ਕਿਸੇ ਮੰਤਰੀ ਨਾਲ ਕੋਈ ਮੀਟਿੰਗ ਨਹੀਂ ਕਰਾਂਗੇ, ਸਿਰਫ਼ ਮੁੱਖਮੰਤਰੀ ਨਾਲ ਹੀ ਗੱਲ ਕਰਾਂਗੇ , ਚਾਹੇ ਸਾਰੀ ਰਾਤ ਬੈਠਣਾ ਪਵੇ।