ਟਾਟਾ ਪਲਾਂਟ 2400 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਤਿਆਰ ,2500 ਲੋਕਾਂ ਨੂੰ ਮਿਲੇਗਾ ਰੁਜ਼ਗਾਰ

Rajneet Kaur
5 Min Read
ਲੁਧਿਆਣਾ: ਪੰਜਾਬ ਦੇ CM ਮਾਨ ਨੇ  ਕਿਹਾ ਕਿ ਉਦਯੋਗਿਕ ਖੇਤਰ ਦੀ ਨਾਮਵਰ ਕੰਪਨੀ ਟਾਟਾ ਗਰੁੱਪ ਵੱਲੋਂ ਵਿਆਪਕ ਨਿਵੇਸ਼ ਕਰਨ ਨਾਲ ਸੂਬੇ ਵਿੱਚ ਸਨਅਤੀ ਵਿਕਾਸ ਤੇ ਤਰੱਕੀ ਦੇ ਨਵੇਂ ਯੁੱਗ ਦਾ ਆਗਾਜ਼ ਹੋਇਆ ਹੈ। ਇੱਥੇ ਹਾਈ-ਟੈੱਕ ਵੈਲੀ ਵਿਖੇ 2600 ਕਰੋੜ ਰੁਪਏ ਦੀ ਲਾਗਤ ਨਾਲ 115 ਏਕੜ ਵਿੱਚ ਸਥਾਪਤ ਹੋ ਰਹੇ ਗਰੀਨ ਸਟੀਲ ਪਲਾਂਟ ਦਾ ਨੀਂਹ ਪੱਥਰ ਰੱਖਿਆ।ਲੁਧਿਆਣਾ ਵਿਖੇ ਲੱਗਣ ਵਾਲਾ ਇਹ ਪਲਾਂਟ ਦੇਸ਼ ਦਾ ਸਭ ਤੋਂ ਵੱਡਾ ਸਟੀਲ ਪਲਾਂਟ ਹੈ। ਇਹ ਟਾਟਾ ਪਲਾਂਟ 2400 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਤੇ ਲਗਪਗ 2500 ਲੋਕਾਂ ਨੂੰ ਇਸ ਨਾਲ ਸਿੱਧੇ-ਅਸਿੱਧੇ ਤੌਰ ‘ਤੇ ਰੁਜ਼ਗਾਰ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਟਾਟਾ ਦਾ ਬਹੁਤ ਵੱਡਾ ਰੁਤਬਾ ਤੇ ਵੱਕਾਰ ਹੈ ਅਤੇ ਸੂਬੇ ਵਿੱਚ ਇਸ ਨਾਮਵਰ ਕੰਪਨੀ ਦੇ ਵੱਡੇ ਨਿਵੇਸ਼ ਨਾਲ ਯਕੀਨਨ ਤੌਰ ਉਤੇ ਦੂਜੀਆਂ ਕੰਪਨੀਆਂ ਨੂੰ ਸੂਬੇ ਵਿੱਚ ਪ੍ਰਵੇਸ਼ ਕਰਨ ਲਈ ਪ੍ਰੇਰਨਾ ਮਿਲੇਗੀ। ਉਨ੍ਹਾਂ ਕਿਹਾ ਕਿ ਜਮਸ਼ੇਦਪੁਰ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਸਥਾਪਿਤ ਕਰਨ ਜਾ ਰਹੇ ਟਾਟਾ ਗਰੁੱਪ ਨੂੰ ਦੇਸ਼ ਭਗਤ ਕੰਪਨੀ ਵਜੋਂ ਜਾਣਿਆ ਜਾਂਦਾ ਹੈ ਜਿਸ ਨੇ ਕੌਮੀ ਆਜ਼ਾਦੀ ਸੰਘਰਸ਼ ਵਿੱਚ ਅਹਿਮ ਭੂਮਿਕਾ ਅਦਾ ਕੀਤੀ। CM ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਹੋਣਗੇ ਅਤੇ ਸੂਬੇ ਦੇ ਸਨਅਤੀ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਪਲਾਂਟ ਵਿੱਚ ਨਾਲ ਲਗਦੇ ਇਲਾਕਿਆਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਲਈ ਪਹਿਲ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਵੱਡਾ ਨਿਵੇਸ਼ ਉਨ੍ਹਾਂ ਤਾਕਤਾਂ ਦੇ ਮੂੰਹ ‘ਤੇ ਕਰਾਰੀ ਚਪੇੜ ਹੈ ਜੋ ਸੂਬੇ ਨੂੰ ਅਮਨ-ਕਾਨੂੰਨ ਦੇ ਮਸਲੇ ਉਤੇ ਬੇਵਜ੍ਹਾ ਬਦਨਾਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਨਿਵੇਸ ਸਿਰਫ ਸਾਂਤਮਈ ਸੂਬਿਆਂ ਵਿੱਚ ਹੀ ਆਉਂਦਾ ਹੈ ਅਤੇ ਇਸ ਪ੍ਰਾਜੈਕਟ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਅੱਜ ਦੇਸ ਦਾ ਸਭ ਤੋਂ ਅਮਨ-ਸ਼ਾਂਤੀ ਵਾਲਾ ਸੂਬਾ ਹੈ। CM ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਸਾਡੇ ਗੁਰੂਆਂ, ਪੀਰਾਂ ਤੇ ਸ਼ਹੀਦਾਂ ਦੀ ਧਰਤੀ ਹੈ, ਇਥੇ ਕਿਸੇ ਨੇ ਵੀ ਕੋਈ ਕੰਮ ਸ਼ੁਰੂ ਕੀਤਾ ਤਾਂ ਉਸ ਨੂੰ ਬਰਕਤ ਹੀ ਮਿਲੀ ਹੈ ਕਦੇ ਘਾਟਾ ਨਹੀਂ ਹੋਇਆ।ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਕੌਮੀ ਮਾਰਗ ਤੋਂ ਪਲਾਂਟ ਵਾਲੀ ਜਗ੍ਹਾ ਨੂੰ ਜਾਂਦੀ ਸੜਕ ਦਾ ਨਿਰਮਾਣ ਕਰੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਵੇਲੇ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸਨਅਤਕਾਰਾਂ ਨਾਲ ਐਮ.ਓ.ਡੀ.ਐਸ. (ਦਿਲ ਨਾਲ ਸਮਝੌਤਾ ਸਹੀਬੰਦ ਕਰਨਾ) ਉਤੇ ਹਸਤਾਖਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐਮ.ਓ.ਡੀ.ਐਸ. ਸਿੱਧੇ ਤੌਰ ‘ਤੇ ਦਿਲੋਂ ਕੀਤਾ ਪਵਿੱਤਰ ਸਮਝੌਤਾ ਹੈ ਅਤੇ ਪੰਜਾਬ ਨੂੰ ਉਦਯੋਗਿਕ ਖੇਤਰ ਵਿਚ ਮੋਹਰੀ ਸੂਬਾ ਬਣਾਉਣ ਲਈ ਇਹ ਸਮਝੌਤਾ ਪੂਰੀ ਤਰ੍ਹਾਂ ਆਪਸੀ ਵਿਸਵਾਸ ਉਤੇ ਅਧਾਰਤ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਬਾਰੇ ਕੀਤੇ ਗਏ ਐਲਾਨ ਦੇ ਇੱਕ ਸਾਲ ਦੇ ਅੰਦਰ ਹੀ ਇਸ ਵੱਡੇ ਪਲਾਂਟ ਦਾ ਕੰਮ ਸ਼ੁਰੂ ਹੋ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਵੱਡੇ ਉਪਰਾਲਿਆਂ ਸਦਕਾ ਪੰਜਾਬ ਵਿੱਚ 16 ਮਾਰਚ, 2022 ਤੋਂ ਹੁਣ ਤੱਕ 56796 ਕਰੋੜ ਦਾ ਨਿਵੇਸ਼ ਪ੍ਰਾਪਤ ਹੋਇਆ ਹੈ ਜਿਸ ਨਾਲ ਰੋਜ਼ਗਾਰ ਦੇ 2.92 ਲੱਖ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਪਿਛਲੇ 18 ਮਹੀਨਿਆਂ ਦੌਰਾਨ ਵੱਡੀਆਂ ਕੰਪਨੀਆਂ ਟਾਟਾ ਸਟੀਲ, ਸਨਥਾਨ ਟੈਕਸਟਾਈਲ, ਟੋਪਨ ਅਤੇ ਫਰੂਡੇਨਬਰਗ ਸੂਬੇ ਵਿੱਚ ਨਿਵੇਸ਼ ਕਰ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ‘ਸਰਕਾਰ-ਸਨਅਤਕਾਰ ਮਿਲਣੀ’ ਦੀ ਵਿਲੱਖਣ ਪਹਿਲਕਦਮੀ ਕੀਤੀ ਗਈ ਤਾਂ ਕਿ ਉਦਯੋਗਪਤੀਆਂ ਦੀਆਂ ਦੁੱਖ-ਤਕਲੀਫਾਂ ਸੁਣੀਆਂ ਜਾ ਸਕਣ।
CM ਮਾਨ ਨੇ  ਕਿਹਾ ਕਿ  ਫਰਵਰੀ, 2023 ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਪਠਾਨਕੋਟ ਵਿਖੇ ਸੰਮੇਲਨ ਕਰਵਾ ਕੇ ਸਥਾਨਕ ਉਦਯੋਗਪਤੀਆਂ ਨੂੰ ਆਪਣੇ ਵਿਚਾਰ ਤੇ ਸੁਝਾਅ ਪੇਸ਼ ਕਰਨ ਲਈ ਢੁਕਵਾਂ ਮੰਚ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਮੇਲਨਾਂ ਤੋਂ ਬਾਅਦ ਇਕ ਹੋਰ ਉਪਰਾਲਾ ਕਰਦੇ ਹੋਏ ਜੁਲਾਈ, 2023 ਵਿੱਚ ਉਦਯੋਗ ਦੀ ਬਿਹਤਰੀ ਲਈ ਸਨਅਤਕਾਰਾਂ ਦੇ ਸੁਝਾਅ ਲੈਣ ਲਈ ਵੱਟਸਐਪ ਨੰਬਰ ਅਤੇ ਈ-ਮੇਲ ਵੀ ਜਾਰੀ ਕੀਤੇ ਗਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਸੰਮੇਲਨਾਂ ਅਤੇ ਟੋਲ-ਫਰੀ ਨੰਬਰ ਉਤੇ ਪ੍ਰਾਪਤ ਹੋਈ ਫੀਡਬੈਕ ਦੇ ਆਧਾਰ ਉਤੇ ਸਰਕਾਰ ਨੇ ਨੀਤੀਗਤ ਸੁਧਾਰ ਕੀਤੇ ਜਿਨ੍ਹਾਂ ਦਾ ਐਲਾਨ ‘ਸਰਕਾਰ-ਸਨਅਤਕਾਰ ਮਿਲਣੀਆਂ’ ਦੌਰਾਨ ਕੀਤਾ ਗਿਆ।

Share this Article
Leave a comment