ਤਰਨਤਾਰਨ ਸਰਹੱਦ ’ਤੇ ਦੋ ਮੌਤਾਂ ਮਗਰੋਂ ਭਾਰਤ-ਪਾਕਿ ਵਿਚਾਲੇ ਵਧਿਆ ਕੂਟਨੀਤਕ ਤਣਾਅ

Global Team
3 Min Read

ਨਿਊਜ਼ ਡੈਸਕ: ਪੰਜਾਬ ਦੇ ਤਰਨਤਾਰਨ ਵਿੱਚ ਭਾਰਤ-ਪਾਕਿਸਤਾਨ ਸਰਹੱਦ ’ਤੇ ਦੋ ਲੋਕਾਂ ਦੀ ਮੌਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਵਧ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਭਾਰਤੀ ਰਾਜਨਾਇਕ ਨੂੰ ਤਲਬ ਕਰਕੇ ਘਟਨਾ ’ਤੇ ਵਿਰੋਧ ਦਰਜ ਕਰਵਾਇਆ। ਪਾਕਿਸਤਾਨ ਦਾ ਦਾਅਵਾ ਹੈ ਕਿ ਮਾਰੇ ਗਏ ਦੋਵੇਂ ਵਿਅਕਤੀ ਉਸ ਦੇ ਨਾਗਰਿਕ ਸਨ ਅਤੇ ਬੀਐੱਸਐੱਫ ਦੀ ਗੋਲੀਬਾਰੀ ਵਿੱਚ ਉਨ੍ਹਾਂ ਦੀ ਮੌਤ ਹੋਈ।

ਦੂਜੇ ਪਾਸੇ ਭਾਰਤ ਨੇ ਪਾਕਿਸਤਾਨ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਤਿੰਨ ਲੋਕ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਭਾਰਤੀ ਅਧਿਕਾਰੀਆਂ ਮੁਤਾਬਕ ਬੀਐੱਸਐੱਫ ਨੇ ਉਨ੍ਹਾਂ ਨੂੰ ਕਈ ਵਾਰ ਵਾਪਸ ਜਾਣ ਦੀ ਚੇਤਾਵਨੀ ਦਿੱਤੀ, ਪਰ ਉਹ ਪਿੱਛੇ ਹਟਣ ਦੀ ਬਜਾਏ ਸਰਹੱਦ ਵੱਲ ਵਧਦੇ ਰਹੇ। ਇਸ ਤੋਂ ਬਾਅਦ ਗੋਲੀਬਾਰੀ ਹੋਈ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ।

ਪਾਕਿਸਤਾਨ ਨੇ ਜਾਂਚ ਦੀ ਕੀਤੀ ਮੰਗ

ਪਾਕਿਸਤਾਨੀ ਵਿਦੇਸ਼ ਮੰਤਰਾਲੇ ਮੁਤਾਬਕ ਮਾਰੇ ਗਏ ਦੋਵੇਂ ਵਿਅਕਤੀ ਨਿਹੱਥੇ ਨਾਗਰਿਕ ਸਨ। ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਸਰਹੱਦ ਨੇੜੇ ਗਏ ਸਨ ਅਤੇ ਅਣਜਾਣੇ ਵਿੱਚ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਗਏ।

ਪਾਕਿਸਤਾਨ ਨੇ ਇਸ ਘਟਨਾ ਦੀ ਤੁਰੰਤ, ਪਾਰਦਰਸ਼ੀ ਅਤੇ ਭਰੋਸੇਯੋਗ ਜਾਂਚ ਦੀ ਮੰਗ ਕੀਤੀ ਹੈ। ਉਸ ਨੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਅਤੇ ਅਨੁਸ਼ਾਸਨਾਤਮਕ ਕਾਰਵਾਈ ਕਰਨ ਦੇ ਨਾਲ ਜਾਂਚ ਦੇ ਨਤੀਜੇ ਪਾਕਿਸਤਾਨ ਸਰਕਾਰ ਨਾਲ ਸਾਂਝੇ ਕਰਨ ਦੀ ਮੰਗ ਵੀ ਕੀਤੀ ਹੈ।

ਪਾਕਿਸਤਾਨੀ ਵੈੱਬਸਾਈਟ ਡਾਨ ਮੁਤਾਬਕ ਮਾਰੇ ਗਏ ਵਿਅਕਤੀਆਂ ਦੀ ਪਛਾਣ ਆਜ਼ਮਤ ਰਸੂਲ ਅਤੇ ਮੋਹਸਿਨ ਜੱਟ ਵਜੋਂ ਹੋਈ ਹੈ। ਦੋਵੇਂ ਲਾਧਰ ਦੇ ਜੱਟਾਂ ਵਾਲੀ ਹਵੇਲੀ ਇਲਾਕੇ ਦੇ ਰਹਿਣ ਵਾਲੇ ਦੱਸੇ ਗਏ ਹਨ। ਤੀਜਾ ਵਿਅਕਤੀ ਜ਼ਖ਼ਮੀ ਹੋਇਆ ਹੈ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਭਾਰਤ ਨੇ ਵੀ ਪਾਕਿਸਤਾਨੀ ਅਧਿਕਾਰੀ ਨੂੰ ਤਲਬ ਕੀਤਾ

ਪਾਕਿਸਤਾਨ ਦੀ ਸ਼ਿਕਾਇਤ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਜ ਡੀ’ਅਫੇਅਰਜ਼ ਨੂੰ ਤਲਬ ਕੀਤਾ। ਭਾਰਤ ਨੇ ਲਗਾਤਾਰ ਹੋ ਰਹੀਆਂ ਸਰਹੱਦ ਪਾਰ ਘੁਸਪੈਠ ਦੀਆਂ ਕੋਸ਼ਿਸ਼ਾਂ ’ਤੇ ਇਤਰਾਜ਼ ਜਤਾਇਆ।

ਭਾਰਤ ਨੇ ਪਾਕਿਸਤਾਨ ਵੱਲੋਂ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਅਤੇ ਬਦਨੀਤੀ ਵਾਲੇ ਦੱਸਦਿਆਂ ਰੱਦ ਕੀਤਾ। ਭਾਰਤੀ ਪੱਖ ਮੁਤਾਬਕ ਇਹ ਮਾਮਲਾ ਪਾਕਿਸਤਾਨ ਵੱਲੋਂ ਸਰਹੱਦ ਪਾਰ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਨਾਲ ਵੀ ਜੁੜਿਆ ਹੋਇਆ ਹੈ। ਭਾਰਤ ਨੇ ਪਾਕਿਸਤਾਨ ਨੂੰ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਨ ਲਈ ਕਿਹਾ ਹੈ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਪਾਕਿਸਤਾਨੀ ਸਰਹੱਦੀ ਸੁਰੱਖਿਆ ਬਲਾਂ ਦੀ ਕਥਿਤ ਮਿਲੀਭੁਗਤ ਦੀ ਵੀ ਜਾਂਚ ਦੀ ਮੰਗ ਕੀਤੀ ਹੈ।

 

Share This Article
Leave a Comment