‘ਆਪ’ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ, CM ਮਾਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ

Global Team
2 Min Read

ਤਰਨਤਾਰਨ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ ਕੈਂਸਰ ਨਾਲ ਲੰਬੀ ਜੰਗ ਤੋਂ ਬਾਅਦ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰੀ ਕਾਰਨ ਸਿਆਸੀ ਸਰਗਰਮੀਆਂ ਤੋਂ ਦੂਰ ਸਨ ਅਤੇ ਅੰਮ੍ਰਿਤਸਰ ਦੇ ਐਸਕੌਰਟ ਹਸਪਤਾਲ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ।

ਮੁੱਖ ਮੰਤਰੀ ਨੇ ਸੰਦੇਸ਼ ਵਿੱਚ ਲਿਖਿਆ, “ਤਰਨਤਾਰਨ ਦੇ ਸਾਡੇ ਸਤਿਕਾਰਯੋਗ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਅਚਾਨਕ ਦੇਹਾਂਤ ਦੀ ਖ਼ਬਰ ਨਾਲ ਡੂੰਘਾ ਦੁੱਖ ਹੋਇਆ। ਉਹ ਪਾਰਟੀ ਦੇ ਮਿਹਨਤੀ ਅਤੇ ਸੰਘਰਸ਼ਸ਼ੀਲ ਨੇਤਾ ਸਨ। ਇਸ ਦੁਖਦਾਈ ਸਮੇਂ ਵਿੱਚ ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ। ਪਰਮਾਤਮਾ ਵਿਛੜੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਸਬਰ ਬਖਸ਼ੇ।”

ਡਾ. ਸੋਹਲ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਹੁੰਦਲ, ਇੱਕ ਪੁੱਤਰ ਅਤੇ ਇੱਕ ਧੀ ਹਨ। ਉਨ੍ਹਾਂ ਦੇ ਦੋਵੇਂ ਬੱਚੇ ਡਾਕਟਰ ਹਨ।

ਸਿਆਸੀ ਅਤੇ ਸਮਾਜਿਕ ਸਫਰ

ਡਾ. ਸੋਹਲ ਨੇ ਤਰਨਤਾਰਨ ਵਿੱਚ ਸਿਟੀਜ਼ਨ ਕੌਂਸਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਅੱਖਾਂ ਦੇ ਮਾਹਰ ਵਜੋਂ ਸਰਕਾਰੀ ਹਸਪਤਾਲ ਵਿੱਚ ਸੇਵਾਵਾਂ ਦਿੰਦੇ ਹੋਏ, ਉਨ੍ਹਾਂ ਦਾ ਤਬਾਦਲਾ ਸਿਵਲ ਹਸਪਤਾਲ ਤਰਨਤਾਰਨ ਵਿੱਚ ਹੋਇਆ। ਉਨ੍ਹਾਂ ਨੇ ਸਕੂਲਾਂ ਵਿੱਚ ਵਧਦੀਆਂ ਫੀਸਾਂ ਵਿਰੁੱਧ ਮਾਪਿਆਂ ਦੀ ਐਸੋਸੀਏਸ਼ਨ ਬਣਾ ਕੇ ਅਵਾਜ਼ ਉਠਾਈ ਅਤੇ ਤਰਨਤਾਰਨ ਨੂੰ ਜ਼ਿਲ੍ਹਾ ਬਣਾਉਣ ਲਈ ਲੰਬੀ ਭੁੱਖ ਹੜਤਾਲ ਵਿੱਚ ਹਿੱਸਾ ਲਿਆ। 2013 ਵਿੱਚ ਸਿਹਤ ਵਿਭਾਗ ਤੋਂ ਸੀਨੀਅਰ ਮੈਡੀਕਲ ਅਫਸਰ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ, ਉਨ੍ਹਾਂ ਨੇ ਸਮਾਜ ਸੇਵਾ ਜਾਰੀ ਰੱਖੀ। 2014 ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ 2022 ਵਿੱਚ ਤਰਨਤਾਰਨ ਤੋਂ ਵਿਧਾਇਕ ਚੁਣੇ ਗਏ।

Share This Article
Leave a Comment