ਨਿਊਜ਼ ਡੈਸਕ : ਅਫਗਾਨਿਸਤਾਨ ‘ਤੇ ਕਬਜ਼ਾ ਕਰ ਰਹੇ ਤਾਲਿਬਾਨ ਨੇ ਪਕਤੀਆ ਸੂਬੇ ‘ਚ ਪਵਿੱਤਰ ਗੁਰਦੁਆਰਾ ਥਾਲਾ ਸਾਹਿਬ ‘ਚ ਲੱਗਿਆ ਨਿਸ਼ਾਨ ਸਾਹਿਬ ਹਟਾ ਦਿੱਤਾ ਹੈ। ਪਕਤੀਆ ਦੇ ਚਮਕਨੀ ਵਿਚ ਸਥਿਤ ਇਹ ਗੁਰਦੁਆਰਾ ਸਿੱਖ ਭਾਈਚਾਰੇ ਵਿਚ ਬਹੁਤ ਮਹੱਤਤਾ ਰੱਖਦਾ ਹੈ। ਇਸ ਇਤਿਹਾਸਿਕ ਗੁਰਦੁਆਰੇ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਆ ਚੁੱਕੇ ਹਨ।
ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ ਇਸ ਦੀ ਛੱਤ ‘ਤੇ ਲੱਗੇ ਨਿਸ਼ਾਨ ਸਾਹਿਬ ਨੂੰ ਤਾਲਿਬਾਨ ਨੇ ਹਟਾ ਦਿੱਤਾ ਹੈ, ਭਾਵੇਂਕਿ ਸੰਗਠਨ ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ। ਤਾਲਿਬਾਨ ‘ਤੇ ਇਸਲਾਮਿਕ ਕੱਟੜਪੰਥ ਦੀ ਰਾਹ ‘ਤੇ ਤੁਰਦੇ ਹੋਏ ਦੂਜੇ ਧਰਮਾਂ ਦੇ ਅਪਮਾਨ ਦੇ ਦੋਸ਼ ਲੱਗਦੇ ਰਹੇ ਹਨ ਪਰ ਸੰਗਠਨ ਨੇ ਹਾਲ ਵਿਚ ਖੁਦ ਦੇ ਬਦਲਣ ਦਾ ਦਾਅਵਾ ਕੀਤਾ ਹੈ।
ਅਫਗਾਨਿਤਾਨ ਦੇ ਜੰਗ ਵਾਲੇ ਇਲਾਕਿਆਂ ‘ਚ ਦਹਿਸ਼ਤ ਨਾਲ ਘੱਟ ਗਿਣਤੀ ਅਫਗਾਨ ਸਿੱਖ ਅਤੇ ਹਿੰਦੂਆਂ ‘ਤੇ ਅੱਤਿਆਚਾਰ ਜਾਰੀ ਹਨ। ਖਾਸ ਕਰ ਕੇ ਪਕਤੀਆ ਦਾ ਇਲਾਕਾ 1980 ਦੇ ਦਹਾਕੇ ਤੋਂ ਮੁਜਾਹੀਦੀਨ ਅਤੇ ਤਾਲਿਬਾਨ/ਹੱਕਾਨੀ ਸਮੂਹ ਦਾ ਗੜ੍ਹ ਹੋਇਆ ਕਰਦਾ ਸੀ। ਤਾਲਿਬਾਨ ਦੀ ਦਹਿਸ਼ਤ ਇੱਥੇ ਇਸ ਕਦਰ ਸੀ ਕਿ ਅਫਗਾਨਿਸਤਾਨ ਦੀ ਸਰਕਾਰ ਦਾ ਇੱਥੇ ਕੋਈ ਦਖਲ ਨਹੀਂ ਸੀ।