ਤਾਲਿਬਾਨ ਦੇ ਮੁੱਖ ਨੇਤਾ ਸਿਰਾਜੁੱਦੀਨ ਹੱਕਾਨੀ ਕੋਰੋਨਾ ਵਾਇਰਸ ਦੀ ਲਪੇਟ ‘ਚ, ਪਾਕਿਸਤਾਨ ਦੇ ਮਿਲਟਰੀ ਹਸਪਤਾਲ ‘ਚ ਦਾਖਲ

TeamGlobalPunjab
2 Min Read

ਤਾਲਿਬਾਨ : ਤਾਲਿਬਾਨ ਦੇ ਉਪ ਨੇਤਾ ਸਿਰਾਜੁੱਦੀਨ ਹੱਕਾਨੀ ਸਮੇਤ ਤਿੰਨ ਕਮਾਂਡਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।  ਮਿਲੀ ਜਾਣਕਾਰੀ ਅਨੁਸਾਰ ਦਿੱਲੀ ਅਤੇ ਕਾਬੁਲ ਵਿੱਚ ਅੱਤਵਾਦ ਰੋਕੂ ਟੀਮ ਦੇ ਸੰਚਾਲਕ ਨੇ ਜਾਣਕਾਰੀ ਦਿੱਤੀ ਹੈ ਕਿ ਤਾਲਿਬਾਨ ਦੇ ਉਪ ਨੇਤਾ ਸਿਰਾਜੁੱਦੀਨ ਹੱਕਾਨੀ ਅਤੇ ਤਿੰਨ ਕਮਾਂਡਰਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।

ਦੱਸ ਦਈਏ ਕਿ ਸਿਰਾਜੁੱਦੀਨ ਹੱਕਾਨੀ, ਤਾਲਿਬਾਨ ਦੀ ਤਲਵਾਰ ਸਾਖਾ ਹੱਕਾਨੀ ਨੈਟਵਰਕ ਦਾ ਮੁਖੀ ਵੀ ਹੈ। ਜਾਣਕਾਰੀ ਅਨੁਸਾਰ ਸਿਰਾਜੁੱਦੀਨ ਹੱਕਾਨੀ ਨੂੰ ਰਾਵਲਪਿੰਡੀ ਦੇ ਪਾਕਿਸਤਾਨੀ ਮਿਲਟਰੀ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਦੂਸਰੇ ਤਾਲਿਬਾਨੀ ਨੇਤਾਵਾਂ ਜਿਨ੍ਹਾਂ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਖ਼ਬਰ ਮਿਲੀ ਹੈ, ਉਨ੍ਹਾਂ ਵਿੱਚ ਮੁੱਲਾ ਆਮਿਰ ਖਾਨ ਮੁਤਕੀ ਅਤੇ ਫਜ਼ਲ ਮਜਲੂਮ ਸ਼ਾਮਲ ਹਨ।  ਮਿਲੀ ਜਾਣਕਾਰੀ ਅਨੁਸਾਰ ਦੋਵਾਂ ਨੂੰ ਕੋਇਟਾ ਅਤੇ ਕਰਾਚੀ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਦੋਵੇਂ ਨੇਤਾ ਤਾਲਿਬਾਨ ਅਤੇ ਅਮਰੀਕਾ ਦੇ ਵਿਸ਼ੇਸ਼ ਨੁਮਾਇੰਦਿਆਂ ਦਰਮਿਆਨ ਚੱਲ ਰਹੀ ਗੱਲਬਾਤ ਦਾ ਮੁੱਖ ਹਿੱਸਾ ਹਨ।

ਹਾਲਾਂਕਿ ਤਾਲਿਬਾਨ ਨੇਤਾਵਾਂ ਨੇ ਉਨ੍ਹਾ ਦੀ ਲਿਡਰਸ਼ਿਪ ਦੇ ਮੁੱਖ ਨੇਤਾਵਾਂ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀਆਂ ਖਬਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਨੇ ਕਿਹਾ ਕਿ ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੇ ਨੇਤਾ ਬਿਲਕੁਲ ਤੰਦਰੁਸਤ ਹਨ। ਉਨ੍ਹਾਂ ਨੇ ਇੱਕ ਟਵੀਟ ਕਰ ਕਿਹਾ,” ਕਈ ਥਾਵਾਂ ‘ਤੇ ਝੂਠੀਆਂ ਖਬਰਾਂ ਚਲ ਰਹੀਆਂ ਹਨ ਕਿ ਤਾਲਿਬਾਨੀ ਨੇਤਾ ਸਿਰਾਜੁੱਦੀਨ ਹੱਕਾਨੀ ਸਮੇਤ ਹੋਰ ਨੇਤਾ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।”

ਜ਼ਿਕਰਯੋਗ ਹੈ ਕਿ ਗੁਆਂਢੀ ਮੁਲਕ ਪਾਕਿਸਤਾਨ ‘ਚ ਹੁਣ ਤੱਕ ਕੋਰੋਨਾ ਦੇ  50,694 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ  1,067 ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ। ਰਿਪੋਰਟਾਂ ਮੁਤਾਬਕ ਪਾਕਿਸਤਾਨ ‘ਚ ਪਿਛਲੇ  24 ਘੰਟਿਆਂ ਵਿੱਚ ਕੋਰੋਨਾ ਦੇ 2,603 ​​ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 50 ਮੌਤਾਂ ਹੋ ਚੁੱਕੀਆਂ ਹਨ।

- Advertisement -

Share this Article
Leave a comment