ਲੁਧਿਆਣਾ: ਦੀਵਾਲੀ ਦਾ ਨਾਮ ਸੁਣਦੇ ਹੀ ਫੁਲਝੜੀਆਂ, ਪਟਾਕਿਆਂ, ਆਤਸ਼ਬਾਜੀ, ਅਨਾਰ ਦਾ ਖਿਆਲ ਆਉਂਦਾ ਹੈ। ਦੀਵਾਲੀ ਜਿੱਥੇ ਖੁਸ਼ੀਆਂ ਦਾ ਤਿਉਹਾਰ ਹੈ ਉਥੇ ਹੀ ਇਸ ਖੁਸ਼ੀ ‘ਚ ਲੋਕਾਂ ਵਲੋਂ ਪਟਾਕੇ ਚਲਾਏ ਜਾਂਦੇ ਹਨ। ਹਾਲਾਂਕਿ ਇਸ ਵਾਰ ਸਰਕਾਰਾਂ ਵੱਲੋਂ ਲੋਕਾਂ ਨੂੰ ਪਟਾਕੇ ਨਾਂ ਚਲਾਉਣ ਲਈ ਅਪੀਲ ਕੀਤੀ ਗਈ ਹੈ, ਕਿਉਂਕਿ ਇਸ ਨਾਲ ਚੌਗਿਰਦੇ ਦੇ ਵਿਚ ਪ੍ਰਦੂਸ਼ਣ ਫੈਲਦਾ ਹੈ।
ਉਥੇ ਹੀ ਦੂਜੇ ਪਾਸੇ ਸਿਰਫ ਵਾਤਾਵਰਣ ਹੀ ਪਟਾਕੇ ਚਲਾਉਣ ਨਾਲ ਪ੍ਰਦੂਸ਼ਿਤ ਨਹੀਂ ਹੁੰਦਾ ਇਸ ਨਾਲ ਸਾਡੇ ਜਾਨਵਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਖਾਸ ਕਰਕੇ ਜੇਕਰ ਗੱਲ ਕੁੱਤਿਆਂ ਦੀ ਕੀਤੀ ਜਾਵੇ ਤਾਂ ਪਟਾਕੇ ਚਲਾਉਣ ਦੇ ਨਾਲ ਕੁੱਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਇਹ ਦਾਅਵਾ ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਕਾਲਜ ਵੱਲੋਂ ਕੀਤਾ ਗਿਆ ਹੈ, ਦੀਵਾਲੀ ਦੇ ਮੱਦੇਨਜ਼ਰ ਹਸਪਤਾਲ ਵੱਲੋਂ ਦੀਵਾਲੀ ਵਾਲੇ ਦਿਨ ਵੀ 24 ਘੰਟੇ ਐਮਰਜੈਂਸੀ ਸੇਵਾਵਾਂ ਚਾਲੂ ਰੱਖਣ ਦਾ ਫ਼ੈਸਲਾ ਲਿਆ ਗਿਆ ਅਤੇ ਦੋ ਡਾਕਟਰਾਂ ਦੀ ਵਿਸ਼ੇਸ਼ ਤੌਰ ਤੇ ਇਸ ਦਿਨ ਤਾਇਨਾਤੀ ਕੀਤੀ ਜਾਵੇਗੀ।
ਵਿਭਾਗ ਦੇ ਮੁਖੀ ਡਾ.ਐਚ.ਐਸ ਰੰਧਾਵਾ ਨੇ ਦੱਸਿਆ ਕਿ ਕੁੱਤਿਆਂ ਦੇ ਕੰਨਾਂ ਦੀ ਸੁਣਨ ਸ਼ਕਤੀ 95 ਡੈਸੀਬਲ ਦੇ ਲਗਭਗ ਹੁੰਦੀ ਹੈ ਜਦਕਿ ਇਨਸਾਨ ਦੀ 130 ਦੇ ਕਰੀਬ ਹੁੰਦੀ ਹੈ। ਜਦੋਂ ਦੀਵਾਲੀ ਮੌਕੇ ਪਟਾਕੇ ਚਲਾਏ ਜਾਂਦੇ ਹਨ ਤਾਂ ਕਈ ਪਟਾਕਿਆਂ ਦਾ ਸ਼ੋਰ 190 ਡੈਸੀਬਲ ਤੋਂ ਵੀ ਵੱਧ ਹੋ ਜਾਂਦਾ ਹੈ, ਜਿਸ ਕਾਰਨ ਕੁੱਤੇ ਇੰਨੀ ਜ਼ਿਆਦਾ ਆਵਾਜ਼ ਬਰਦਾਸ਼ਤ ਨਹੀਂ ਕਰ ਪਾਉਂਦੇ। ਜਿਸ ਨਾਲ ਉਹ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਜਿਸ ਵਿੱਚ ਉਨ੍ਹਾਂ ਦਾ ਦਿਮਾਗੀ ਤੌਰ ਤੇ ਪਰੇਸ਼ਾਨ ਹੋਣਾ, ਰੌਲਾ ਨਾਂ ਸੁਣਨ ਦੀ ਆਦਤ ਇੱਥੋਂ ਤੱਕ ਕਿ ਕਈ ਵਾਰ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਹਨ।
ਡਾ.ਰੰਧਾਵਾ ਨੇ ਦੱਸਿਆ ਕਿ ਇਸ ਦੌਰਾਨ ਲੋਕਾਂ ਨੂੰ ਆਪਣੇ ਇਲਾਕੇ ਦੇ ਕੁੱਤਿਆਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਅੰਦਰ ਹੀ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੁਝ ਅਜਿਹਾ ਕਰੋ ਜੋ ਉਨ੍ਹਾਂ ਦਾ ਧਿਆਨ ਪਟਾਕਿਆਂ ਦੇ ਸ਼ੋਰ ਵੱਲ ਨਾਂ ਜਾਵੇ। ਤੁਸੀਂ ਕੁੱਤਿਆਂ ਨੂੰ ਦਿਨ ਵਿੱਚ ਭਾਰੀ ਸਰੀਰਿਕ ਕਸਰਤ ਕਰਵਾ ਸਕਦੇ ਹੋ ਤਾਂ ਜੋ ਉਹ ਥੱਕ ਕੇ ਸ਼ਾਮ ਨੂੰ ਜਲਦੀ ਸੌਂ ਜਾਣ।
ਉਨ੍ਹਾਂ ਕਿਹਾ ਕਿ ਅਵਾਰਾ ਕੁੱਤਿਆਂ ਲਈ ਦੀਵਾਲੀ ਮੌਕੇ ਪ੍ਰੇਸ਼ਾਨੀ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਹਰ ਸਾਲ ਉਨ੍ਹਾਂ ਕੋਲ 5 ਤੋ ਲੈ ਕੇ 10 ਤਕ ਅਜਿਹੇ ਮਾਮਲੇ ਆਉਂਦੇ ਹਨ, ਜਿਸ ਵਿੱਚ ਕੁੱਤੇ ਪਟਾਕਿਆਂ ਦੀ ਲਪੇਟ ‘ਚ ਆਉਣ ਕਰਕੇ ਜ਼ਖ਼ਮੀ ਹੋ ਜਾਂਦੇ ਨੇ ਹਨ। ਡਾ.ਰੰਧਾਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਟਾਕੇ ਨਾਂ ਚਲਾਉਣ ਕਿਉਂਕਿ ਇਸ ਨਾਲ ਨਾਂ ਸਿਰਫ ਮਨੁੱਖੀ ਸਰੀਰ ਤੇ ਪ੍ਰਭਾਵ ਪੈਂਦਾ ਹੈ ਤੇ ਸਾਡਾ ਚੌਗਿਰਦਾ ਪ੍ਰਦੂਸ਼ਿਤ ਹੁੰਦਾ ਹੈ ਪਰ ਨਾਲ ਹੀ ਇਹ ਬੇਜ਼ੁਬਾਨਾਂ ਲਈ ਵੀ ਇਹ ਘਾਤਕ ਸਿੱਧ ਹੁੰਦੇ ਹਨ।