ਭਦੌੜ ਦਾ ਨੌਜਵਾਨ ਕੈਨੇਡਾ ‘ਚ ਬਣਿਆ ਵਿਧਾਇਕ, ਪਿੰਡ ‘ਚ ਛਾਈ ਖੁਸ਼ੀ ਦੀ ਲਹਿਰ

Global Team
2 Min Read

ਨਿਊਜ਼ ਡੈਸਕ: ਬਰਨਾਲਾ ਜ਼ਿਲ੍ਹੇ ਦੇ ਭਦੌੜ ਦੇ ਜੰਮਪਲ ਅਤੇ ਤਰਕਸ਼ੀਲ ਆਗੂ ਮਾਸਟਰ ਰਜਿੰਦਰ ਭਦੌੜ ਦੇ ਛੋਟੇ ਭਰਾ ਡਾ: ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਵਿੱਚ ਵਿਧਾਇਕ ਚੁਣੇ ਗਏ ਹਨ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਪੀਐਚਡੀ ਕਰਨ ਤੋਂ ਬਾਅਦ ਤਜਿੰਦਰ ਸਿੰਘ ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਡਾ: ਰਵਿੰਦਰ ਕੌਰ ਗਰੇਵਾਲ ਨੇ ਕੁਝ ਸਮਾਂ ਯੂਨੀਵਰਸਿਟੀ ਵਿੱਚ ਪੜ੍ਹਾਇਆ ਅਤੇ 1999 ਦੇ ਆਸਪਾਸ ਕੈਨੇਡਾ ਚਲੇ ਗਏ।

ਗਰੇਵਾਲ ਹੁਣ ਕੈਨੇਡਾ ਦੀ ਇੱਕ ਵੱਕਾਰੀ ਯੂਨੀਵਰਸਿਟੀ ਵਿੱਚ ਖੇਤੀ ਵਿਗਿਆਨੀ ਵਜੋਂ ਕੰਮ ਕਰ ਰਿਹਾ ਹੈ। ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਭਦੌੜ ਦੇ ਇੱਕ ਸਰਕਾਰੀ ਸਕੂਲ ਤੋਂ ਕੀਤੀ। ਤਜਿੰਦਰ ਗਰੇਵਾਲ ਨੂੰ ਕੈਨੇਡਾ ਵਿੱਚ ਇੱਕ ਪ੍ਰਸਿੱਧ ਵਿਗਿਆਨੀ ਅਤੇ ਸਮਰਪਿਤ ਸਮਾਜਕ ਆਗੂ ਵਜੋਂ ਜਾਣਿਆ ਜਾਂਦਾ ਹੈ।

ਉਹਨਾਂ ਨੇ ਯੂਨੀਵਰਸਿਟੀ ਆਫ਼ ਸਸਕੈਟੂਨ-ਸਦਰਲੈਂਡ ਸੀਟ ਲਈ ਐਨਡੀਪੀ ਉਮੀਦਵਾਰ ਵਜੋਂ ਚੋਣ ਜਿੱਤੀ। ਉਹਨਾਂ ਨੇ ਸਸਕੈਚਵਨ ਦੀਆਂ ਵਿਗਿਆਨਕ ਅਤੇ ਸੱਭਿਆਚਾਰਕ ਕਲਾਵਾਂ ‘ਤੇ ਵਿਆਪਕ ਤੌਰ ‘ਤੇ ਕੰਮ ਕੀਤਾ ਹੈ। ਗਰੇਵਾਲ ਨੇ ਸਸਕੈਚਵਨ ਯੂਨੀਵਰਸਿਟੀ, ਸਸਕੈਚਵਨ ਰਿਸਰਚ ਕੌਂਸਲ ਅਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਸਸਕੈਚਵਨ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ।

ਗਰੇਵਾਲ ਦਾ ਭਰਾ ਰਜਿੰਦਰ ਭਦੌੜ ਇੱਕ ਤਰਕਸ਼ੀਲ ਲੀਡਰ ਵਜੋਂ ਸਰਗਰਮ ਹੈ, ਜਦੋਂ ਕਿ ਉਹਨਾਂ ਦਾ ਭਤੀਜਾ ਕੰਵਲਦੀਪ ਸਿੰਘ ਗਰੇਵਾਲ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਹੈ।

ਇਸ ਸਬੰਧੀ ਉਨ੍ਹਾਂ ਦੇ ਭਤੀਜੇ ਕੰਵਲਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਖੁਸ਼ੀ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਪਰਿਵਾਰ ਦਾ ਇੱਕ ਮੈਂਬਰ ਕੈਨੇਡਾ ਵਿੱਚ ਵਿਧਾਇਕ ਚੁਣਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਪਿੰਡ ਵੀ ਗਰੇਵਾਲ ਦੀ ਤਰੱਕੀ ਦੇਖ ਕੇ ਖੁਸ਼ ਹੋ ਰਿਹਾ ਹੈ।

Share This Article
Leave a Comment