3 ਮਹੀਨੇ ਦੇ ਪੁੱਤਰ ਨੂੰ ਗੋਦੀ ‘ਚ ਲੈ ਕੇ ਮੀਟਿੰਗ ‘ਚ ਪੁੱਜੀ ਮੰਤਰੀ, ਦੁਨੀਆ ਨੂੰ ਦਿੱਤਾ ਵੱਡਾ ਸੰਦੇਸ਼

Global Team
2 Min Read

ਨਿਊਜ਼ ਡੈਸ਼ਕ: ਯੂਰਪੀ ਸੰਘ ਦੇ ਜਲਵਾਯੂ ਮੰਤਰੀਆਂ ਦੀ ਮੀਟਿੰਗ ਦੌਰਾਨ ਇੱਕ ਵੱਖਰਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਸਵੀਡਨ ਦੀ ਜਲਵਾਯੂ ਮੰਤਰੀ Romina Pourmokhtari ਆਪਣੇ ਤਿੰਨ ਮਹੀਨੇ ਦੇ ਪੁੱਤ ਐਡਮ ਨੂੰ ਗੋਦ ਵਿੱਚ ਲੈ ਕੇ ਮੀਟਿੰਗ ਵਿੱਚ ਸ਼ਾਮਲ ਹੋਈ। ਲਕਜ਼ਮਬਰਗ ਵਿੱਚ ਹੋਈ ਇਸ ਮੀਟਿੰਗ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈਆਂ।

ਮੀਟਿੰਗ ਦੌਰਾਨ ਬੱਚੇ ਨੂੰ ਵੀ ਸੰਭਾਲਿਆ, ਆਪਣੀ ਗੱਲ ਵੀ ਰੱਖੀ

ਵੀਡੀਓ ਵਿੱਚ ਰੋਮੀਨਾ ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ ਚਰਚਾ ਵਿੱਚ ਹਿੱਸਾ ਲੈਂਦੀ ਅਤੇ ਆਪਣਾ ਸੰਬੋਧਨ ਕਰਦੀ ਨਜ਼ਰ ਆਈ। ਇਸ ਦੌਰਾਨ ਉਹ ਬੱਚੇ ਨੂੰ ਸ਼ਾਂਤ ਵੀ ਕਰਵਾਉਂਦੀ ਰਹੀ ਅਤੇ ਨਾਲ ਹੀ ਮੀਟਿੰਗ ਵਿੱਚ ਆਪਣੀ ਭੂਮਿਕਾ ਵੀ ਨਿਭਾਉਂਦੀ ਰਹੀ।

ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਕਦਮ ਜਾਣਬੁੱਝ ਕੇ ਚੁੱਕਿਆ। ਉਨ੍ਹਾਂ ਦਾ ਮਕਸਦ ਇਹ ਸੰਦੇਸ਼ ਦੇਣਾ ਸੀ ਕਿ ਮਹਿਲਾਵਾਂ ਨੂੰ ਕਰੀਅਰ ਅਤੇ ਪਰਿਵਾਰ ਵਿੱਚੋਂ ਇੱਕ ਚੁਣਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮਾਂ ਬਣਨਾ ਕਿਸੇ ਮਹਿਲਾ ਦੇ ਕਰੀਅਰ ਦਾ ਅੰਤ ਨਹੀਂ ਹੋਣਾ ਚਾਹੀਦਾ।

ਸੋਸ਼ਲ ਮੀਡੀਆ ‘ਤੇ ਮਿਲੀ ਸ਼ਲਾਘਾ

ਇਸ ਕਦਮ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਮੰਤਰੀ ਦੀ ਪ੍ਰਸ਼ੰਸਾ ਕੀਤੀ। ਕਈਆਂ ਨੇ ਇਸ ਨੂੰ ਕੰਮਕਾਜੀ ਮਹਿਲਾਵਾਂ ਲਈ ਪ੍ਰੇਰਣਾਦਾਇਕ ਦੱਸਿਆ ਅਤੇ ਕਿਹਾ ਕਿ ਪਰਿਵਾਰ ਅਤੇ ਕਰੀਅਰ ਨੂੰ ਇਕੱਠੇ ਨਿਭਾਉਣਾ ਸੰਭਵ ਹੈ।

ਪਰਿਵਾਰਕ ਨੀਤੀਆਂ ਅਤੇ ਸਾਥੀ ਦੀ ਭੂਮਿਕਾ ‘ਤੇ ਵੀ ਦਿੱਤੀ ਰਾਏ

ਰੋਮੀਨਾ ਨੇ ਕਿਹਾ ਕਿ ਪਰਿਵਾਰ ਅਤੇ ਕੰਮ ਵਿਚਕਾਰ ਸੰਤੁਲਨ ਬਣਾਉਣ ਲਈ ਸਿਰਫ਼ ਸਰਕਾਰੀ ਨੀਤੀਆਂ ਹੀ ਨਹੀਂ, ਸਗੋਂ ਘਰ ਵਿੱਚ ਸਹਿਯੋਗੀ ਸੋਚ ਵੀ ਜ਼ਰੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸਾਥੀ ਵੀ ਮਹੱਤਵਪੂਰਨ ਹੁੰਦਾ ਹੈ ਜੋ ਜ਼ਿੰਮੇਵਾਰੀਆਂ ਸਾਂਝੀਆਂ ਕਰੇ।

ਉਨ੍ਹਾਂ ਦੱਸਿਆ ਕਿ ਸਵੀਡਨ ਵਿੱਚ ਹੁਣ ਪਿਤਾ ਵੱਲੋਂ ਬੱਚਿਆਂ ਦੀ ਦੇਖਭਾਲ ਲਈ ਘਰ ਰਹਿਣਾ ਪਹਿਲਾਂ ਵਾਂਗ ਅਸਧਾਰਨ ਨਹੀਂ ਮੰਨਿਆ ਜਾਂਦਾ।

ਰੋਮੀਨਾ 2022 ਵਿੱਚ ਸੰਸਦ ਮੈਂਬਰ ਬਣੀ ਸੀ ਅਤੇ ਉਸੇ ਸਾਲ ਮੰਤਰੀ ਵੀ ਬਣੀ। ਉਸ ਵੇਲੇ ਉਹ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਮੰਤਰੀ ਬਣੀ ਸੀ। ਹਾਲ ਹੀ ਵਿੱਚ ਉਹ ਪੈਰੈਂਟਲ ਲੀਵ ਪੂਰੀ ਕਰਕੇ ਮੁੜ ਕੰਮ ‘ਤੇ ਵਾਪਸ ਆਈ ਹੈ।

Share This Article
Leave a Comment