ਸਟਾਕਹੋਮ : ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਵੀਡਨ ਦਾ ਪ੍ਰਸਿੱਧ ਆਈਸ ਹੋਟਲ ਸੈਲਾਨੀਆਂ ਦੇ ਲਈ ਬਣ ਕਿ ਤਿਆਰ ਹੋ ਗਿਆ ਹੈ। ਦੱਸ ਦਈਏ ਕਿ ਇਸ ਹੋਟਲ ਨੂੰ ਸੈਲਾਨੀਆਂ ਲਈ ਹਰ ਸਾਲ ਬਣਾਇਆ ਜਾਂਦਾ ਹੈ। ਹੋਟਲ ਬਣਾਉਣ ਦੀ ਪਰੰਪਰਾ ਸਾਲ 1989 ਤੋਂ ਚੱਲੀ ਆ ਰਹੀ ਹੈ। ਇਸ ਪਰੰਪਰਾ ਦੇ ਚੱਲਦਿਆਂ ਇਹ ਹੋਟਲ ਦਾ 31ਵਾਂ ਸਾਲ ਹੈ।
ਹੋਟਲ ਹਰ ਸਾਲ 5 ਮਹੀਨਿਆਂ ਬਾਅਦ ਪਿਘਲ ਜਾਂਦਾ ਹੈ। ਹੋਟਲ ਆਰਕਟਿਕ ਸਰਕਲ ਤੋਂ ਲਗਭਗ 200 ਕਿਲੋਮੀਟਰ ਦੀ ਦੂਰੀ ‘ਤੇ ਟਾਰਨ ਨਦੀ ਦੇ ਕੰਢੇ ‘ਤੇ ਸਥਿਤ ਹੈ। ਆਈਸ ਹੋਟਲ ‘ਚ ਇਕ ਰਾਤ ਦਾ ਕਿਰਾਇਆ 17 ਹਜ਼ਾਰ ਤੋਂ 1 ਲੱਖ ਰੁਪਏ ਤੱਕ ਹੈ।
ਹੋਟਲ ਦੇ ਨਿਰਮਾਣ ਲਈ ਹਰ ਸਾਲ ਆਈਸ ਟਾਰਨ ਨਦੀ ਤੋਂ ਲਗਭਗ 2500 ਟਨ ਬਰਫ ਜਮ੍ਹਾ ਕੀਤੀ ਜਾਂਦੀ ਹੈ। ਅਕਤੂਬਰ ਮਹੀਨੇ ਹੋਟਲ ਦੇ ਨਿਰਮਾਣ ਦਾ ਕੰਮ ਸ਼ੁਰੂ ਹੁੰਦਾ ਹੈ। ਹੋਟਲ ‘ਚ ਇਸ ਵਾਰ 35 ਬੈਡਰੂਮ ਬਣਾਏ ਗਏ ਹਨ। ਜਿਨ੍ਹਾਂ ਨੂੰ ਬਰਫ ਤੋਂ ਬਣੇ ਪਰਦਿਆਂ ਤੇ ਹਿਰਨ ਦੀਆਂ ਪ੍ਰਤੀਕ੍ਰਿਤੀਆਂ ਨਾਲ ਸਜਾਇਆ ਗਿਆ ਹੈ।ਹੋਟਲ ਦੇ ਕਮਰਿਆਂ ਦਾ ਤਾਪਮਾਨ ਮਾਈਨਸ 5 ਡਿਗਰੀ ਦੇ ਆਸ ਪਾਸ ਹੈ ਰਹਿੰਦਾ ਹੈ।
ਹੋਟਲ ‘ਚ ਇਕ ਆਡੀਟੋਰੀਅਮ ਵੀ ਬਣਾਇਆ ਗਿਆ ਹੈ ਜਿੱਥੇ ਬਰਫ ਤੋਂ ਬਣੇ 6 ਬੈਂਚ ਰੱਖੇ ਗਏ ਹਨ। ਇਸ ਹੋਟਲ ‘ਚ ਹਰ ਸਾਲ 50 ਹਜ਼ਾਰ ਤੋਂ ਜ਼ਿਆਦਾ ਸੈਲਾਨੀ ਆਉਂਦੇ ਹਨ। ਮਈ ਮਹੀਨੇ ਦੇ ਆਖਿਰ ਤੱਕ ਬਰਫ ਪਿਘਲਣੀ ਸ਼ੁਰੂ ਹੋ ਜਾਂਦੀ ਹੈ। ਜਿਸ ਤੋਂ ਬਾਅਦ ਹੋਟਲ ਨਦੀ ‘ਚ ਤਬਦੀਲ ਹੋ ਜਾਂਦਾ ਹੈ।
ਇਹ ਹੋਟਲ ਵਾਤਾਵਰਣ ਲਈ ਅਨੁਕੂਲ ਹੈ। ਹੋਟਲ ਦੇ ਸਾਰੇ ਉਪਕਰਣ ਸੂਰਜੀ ਊਰਜਾ ਨਾਲ ਸੰਚਾਲਿਤ ਹਨ। ਹੋਟਲ ‘ਚ ਬਰਫ਼ ਨਾਲ ਇੱਕ ਬੀਅਰ ਬਾਰ ਵੀ ਬਣਾਇਆ ਗਿਆ ਹੈ ਜਿਸ ‘ਚ ਬਰਫ ਤੋਂ ਬਣੇ ਗਿਲਾਸਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹੋਟਲ ‘ਚ ਫੀਚਰ ਲਾਈਟਿੰਗ ਦੀ ਵੀ ਵਿਵਿਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਟਲ ਦੇ ਅੰਦਰ ਆਈਸ ਸੇਰੇਮਨੀ ਹਾਲ ਤੇ ਬੱਚਿਆਂ ਲਈ ਇੱਕ ਕਰੀਏਟਿਵ ਜ਼ੋਨ ਵੀ ਬਣਾਇਆ ਗਿਆ ਹੈ।