ਲੁਧਿਆਣਾ: ਲੁਧਿਆਣਾ ਦੇ ਸਸਰਾਲੀ ਕਲੋਨੀ ਵਿੱਚ ਮੁੜ ਖ਼ਤਰਾ ਮੰਡਰਾਉਣ ਲੱਗਾ ਹੈ। ਸਤਲੁਜ ਦਰਿਆ ਦਾ ਪਾਣੀ ਉੱਥੇ ਪਹੁੰਚ ਗਿਆ ਹੈ ਜਿੱਥੇ ਪ੍ਰਸ਼ਾਸਨ ਅਤੇ ਕਿਸਾਨਾਂ ਨੇ ਜ਼ਮੀਨ ਦੇ ਕਟਾਅ ਨੂੰ ਰੋਕਣ ਲਈ ਮਿੱਟੀ ਦੇ ਥੈਲਿਆਂ ਨੂੰ ਜਾਲ ਵਿੱਚ ਬੰਨ੍ਹ ਕੇ ਲਗਾਏ ਸਨ। ਵੱਧ ਪਾਣੀ ਆਉਣ ਕਾਰਨ ਕਈ ਥਾਵਾਂ ਤੋਂ ਮਿੱਟੀ ਦੇ ਥੈਲੇ ਸਤਲੁਜ ਵਿੱਚ ਵਗ ਗਏ ਹਨ।
ਅੱਜ ਵੀ ਹਿਮਾਚਲ ਅਤੇ ਪੰਜਾਬ ਦੇ ਖੇਤਰਾਂ ਵਿੱਚ ਭਾਰੀ ਬਰਸਾਤ ਦਾ ਅਲਰਟ ਹੈ, ਇਸ ਲਈ ਸਸਰਾਲੀ ਕਲੋਨੀ ਸਣੇ ਧੁੱਲੇਵਾਲ, ਗੜ੍ਹੀ ਫਜ਼ਲ, ਖੇਹੜਾ ਬੇਟ ਅਤੇ ਹੋਰ ਸੰਵੇਦਨਸ਼ੀਲ ਪੁਆਇੰਟਾਂ ਦੇ ਆਸ ਪਾਸ ਰਹਿਣ ਵਾਲੇ ਲੋਕ ਵੀ ਡਰੇ ਹੋਏ ਹਨ। ਲੋਕ ਦੇਰ ਰਾਤ ਨੂੰ ਅਤੇ ਸਵੇਰੇ-ਸਵੇਰੇ ਦਰਿਆ ਦੇ ਕੰਢੇ ਪਹੁੰਚ ਰਹੇ ਹਨ। ਸੋਮਵਾਰ (6 ਅਕਤੂਬਰ) ਨੂੰ ਸਵੇਰੇ ਵੀ ਸਸਰਾਲੀ ਦੇ ਲੋਕ ਦਰਿਆ ਕੰਢੇ ਪਹੁੰਚੇ।
ਅਸਥਾਈ ਬੰਨ੍ਹ ਤੱਕ ਪਹੁੰਚ ਗਿਆ ਪਾਣੀ
ਪਿਛਲੇ ਕੁਝ ਦਿਨਾਂ ਤੋਂ ਸਤਲੁਜ ਵਿੱਚ 10 ਹਜ਼ਾਰ ਕਿਊਸੈਕ ਤੋਂ ਘੱਟ ਪਾਣੀ ਲੁਧਿਆਣਾ ਤੋਂ ਲੰਘ ਰਿਹਾ ਹੈ। ਐਤਵਾਰ ਸਵੇਰੇ ਤੋਂ ਸਤਲੁਜ ਵਿੱਚ ਪਾਣੀ ਲਗਾਤਾਰ ਵਧ ਰਿਹਾ ਹੈ। ਕਿਸਾਨ ਨੇਤਾ ਅਤੇ ਸਥਾਨਕ ਵਾਸੀ ਦਿਲਬਾਗ ਸਿੰਘ ਨੇ ਕਿਹਾ ਕਿ ਪਹਿਲਾਂ ਪਾਣੀ ਮਿੱਟੀ ਦੇ ਥੈਲਿਆਂ ਨਾਲ ਬਣੇ ਅਸਥਾਈ ਬੰਨ੍ਹ ਤੋਂ ਕਾਫ਼ੀ ਪਿੱਛੇ ਹਟ ਗਿਆ ਸੀ।
ਹੁਣ ਮੁੜ ਪਾਣੀ ਅਸਥਾਈ ਬੰਨ੍ਹ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕਈ ਥਾਵਾਂ ਤੋਂ ਪਾਣੀ ਦੇ ਥੈਲਿਆਂ ਦੇ ਉੱਤੇ ਤੱਕ ਪਹੁੰਚ ਗਿਆ ਸੀ। ਇਸੇ ਕਾਰਨ ਕਈ ਥਾਵਾਂ ‘ਤੇ ਮੁੜ ਕਟਾਅ ਸ਼ੁਰੂ ਹੋ ਗਿਆ ਹੈ।
ਸੰਵੇਦਨਸ਼ੀਲ ਪੁਆਇੰਟਾਂ ਤੇ ਪ੍ਰਸ਼ਾਸਨ ਦੀਆਂ ਟੀਮਾਂ ਤਾਇਨਾਤ
ਪਹਾੜੀਆਂ ਵਿੱਚ ਬਰਸਾਤ ਦੇ ਅਲਰਟ ਕਾਰਨ ਭਾਖੜਾ ਵਿਆਸ ਪ੍ਰਬੰਧਨ ਬੋਰਡ ਨੇ ਭਾਖੜਾ ਡੈਮ ਤੋਂ 40 ਹਜ਼ਾਰ ਕਿਊਸੈਕ ਦੇ ਕਰੀਬ ਪਾਣੀ ਛੱਡਿਆ ਹੈ। ਸਤਲੁਜ ਵਿੱਚ ਪਾਣੀ ਵਧਣ ਨਾਲ ਖ਼ਤਰਾ ਵਧ ਗਿਆ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਸੰਵੇਦਨਸ਼ੀਲ ਪੁਆਇੰਟਾਂ ਤੇ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ।
ਐਸਡੀਐੱਮ ਲੁਧਿਆਣਾ ਈਸਟ ਜਸਲੀਨ ਭੁੱਲਰ ਨੇ ਦੱਸਿਆ ਕਿ ਸਤਲੁਜ ਵਿੱਚ ਜਿੱਥੇ-ਜਿੱਥੇ ਬੰਨ੍ਹ ਕਮਜ਼ੋਰ ਹਨ ਜਾਂ ਪਾਣੀ ਬੰਨ੍ਹ ਦੇ ਨੇੜ੍ਹੇ ਤੋਂ ਵਗ ਰਿਹਾ ਹੈ, ਉੱਥੇ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਤੋਂ ਲਗਾਤਾਰ ਰਿਪੋਰਟ ਲਈ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।