ਪਾਕਿਸਤਾਨ ‘ਚ ਸਤਲੁਜ ਤੇ ਬਣਿਆ ਬੰਨ ਟੁੱਟਿਆ, ਫਿਰੋਜ਼ਪੁਰ ਦੇ ਪਿੰਡਾਂ ਤੱਕ ਪਹੁੰਚਿਆ ਪਾਣੀ

Global Team
3 Min Read

ਚੰਡੀਗੜ੍ਹ:  ਹਿਮਾਚਲ ਪ੍ਰਦੇਸ਼ ’ਚ ਹੋ ਰਹੀ ਤੇਜ਼ ਬਾਰਸ਼ ਕਾਰਨ ਭਾਖੜਾ ਅਤੇ ਪੌਂਗ ਡੈਮਾਂ ਤੋਂ ਪਾਣੀ ਛੱਡੇ ਜਾਣ ਨਾਲ ਪੰਜਾਬ ਦੇ 6 ਜ਼ਿਲ੍ਹਿਆਂ ’ਚ ਹੜਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ।  ਮੌਸਮ ਵਿਭਾਗ ਨੇ ਅੱਜ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਜਤਾਈ ਹੈ। ਅੱਜ ਸਵੇਰੇ ਮੋਹਾਲੀ ਦੇ ਖਰੜ ਸਮੇਤ ਕੁਝ ਇਲਾਕਿਆਂ ’ਚ ਬਾਰਸ਼ ਹੋਈ, ਜਦਕਿ ਪਠਾਨਕੋਟ ਦੇ ਕੁਝ ਹਿੱਸਿਆਂ ’ਚ ਵੀ ਮੀਂਹ ਪਿਆ।

ਪਾਕਿਸਤਾਨ ’ਚ ਸਤਲੁਜ ’ਤੇ ਬੰਨ੍ਹਿਆ ਡੈਮ ਟੁੱਟਣ ਨਾਲ ਫਿਰੋਜ਼ਪੁਰ ਦੇ 12 ਪਿੰਡ ਪ੍ਰਭਾਵਿਤ

ਪਾਕਿਸਤਾਨ ’ਚ ਸਤਲੁਜ ਨਦੀ ’ਤੇ ਬਣਿਆ ਇੱਕ ਬੰਨ੍ਹ ਟੁੱਟਣ ਕਾਰਨ  ਫਿਰੋਜ਼ਪੁਰ ਜ਼ਿਲ੍ਹੇ ਦੇ 12 ਪਿੰਡਾਂ ’ਚ ਪਾਣੀ ਦਾਖਲ ਹੋ ਗਿਆ ਹੈ। ਗੱਟੀ ਰਾਜੋਕੇ ਪਿੰਡ ਦੇ ਖੇਤ ਪਾਣੀ ਨਾਲ ਭਰ ਗਏ ਹਨ, ਅਤੇ ਬੀਐਸਐਫ ਦੀ ਚੌਕੀ ਨੇੜੇ ਵੀ ਪਾਣੀ ਪਹੁੰਚ ਗਿਆ ਹੈ। ਲੋਕ ਪਾਣੀ ਨੂੰ ਰੋਕਣ ਲਈ ਯਤਨ ਕਰ ਰਹੇ ਹਨ। ਪਿਛਲੇ 24 ਘੰਟਿਆਂ ’ਚ ਸੂਬੇ ਦੇ ਤਾਪਮਾਨ ’ਚ 2.4 ਡਿਗਰੀ ਦਾ ਵਾਧਾ ਹੋਇਆ ਹੈ, ਜਿਸ ’ਚ ਸਭ ਤੋਂ ਵੱਧ 39.8 ਡਿਗਰੀ ਫਰੀਦਕੋਟ ’ਚ ਦਰਜ ਕੀਤਾ ਗਿਆ।

10 ਜ਼ਿਲ੍ਹਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ

ਮੌਸਮ ਵਿਭਾਗ ਮੁਤਾਬਕ, ਅੱਜ ਪਠਾਨਕੋਟ, ਹੋਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ’ਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਅਗਲੇ ਦਿਨਾਂ ਦੀ ਗੱਲ ਕਰੀਏ ਤਾਂ 20 ਅਤੇ 22 ਅਗਸਤ ਨੂੰ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ। 23 ਅਗਸਤ ਨੂੰ ਜ਼ਿਆਦਾਤਰ ਥਾਵਾਂ ’ਤੇ ਬਾਰਸ਼ ਹੋਣ ਦੀ ਸੰਭਾਵਨਾ ਹੈ, ਅਤੇ ਮੌਸਮ ਵਿਭਾਗ ਨੇ ਇਸ ਦਿਨ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ 25 ਅਗਸਤ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ।

ਸੁਲਤਾਨਪੁਰ ਲੋਧੀ ਅਤੇ ਫਾਜ਼ਿਲਕਾ ’ਚ ਖੇਤ ਪਾਣੀ ’ਚ ਡੁੱਬੇ

ਸੁਲਤਾਨਪੁਰ ਲੋਧੀ ਇਲਾਕੇ ’ਚ ਖੇਤਾਂ ’ਚ ਪਾਣੀ ਭਰ ਗਿਆ ਹੈ, ਅਤੇ ਫਸਲਾਂ ਪਾਣੀ ’ਚ ਡੁੱਬੀਆਂ ਹੋਈਆਂ ਹਨ। ਫਾਜ਼ਿਲਕਾ ’ਚ ਵੀ ਖੇਤ ਪਾਣੀ ਨਾਲ ਭਰੇ ਹੋਏ ਹਨ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਸ਼ਿਆਰਪੁਰ ’ਚ ਸੜਕਾਂ ’ਤੇ ਪਾਣੀ ਭਰਨ ਨਾਲ ਵਾਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਪਠਾਨਕੋਟ ’ਚ ਵੀ ਬਾਰਸ਼ ਤੋਂ ਬਾਅਦ ਪਾਣੀ ਭਰਨ ਦੀ ਸਥਿਤੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ ਹਨ।

ਭਾਖੜਾ ਡੈਮ ਦੇ ਗੇਟ ਖੋਲ੍ਹੇ

ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੇ ਮੰਗਲਵਾਰ ਦੁਪਹਿਰ ਨੂੰ ਭਾਖੜਾ ਡੈਮ ਦੇ ਚਾਰ ਫਲੱਡ ਗੇਟ ਖੋਲ੍ਹੇ, ਜਿਸ ਦੌਰਾਨ 45,000 ਕਿਊਸੇਕ ਪਾਣੀ ਛੱਡਿਆ ਗਿਆ। ਇਸ ’ਚੋਂ ਅੱਧਾ ਪਾਣੀ ਸਤਲੁਜ ਨਦੀ ’ਚ ਅਤੇ ਬਾਕੀ ਨਹਿਰਾਂ ’ਚ ਛੱਡਿਆ ਗਿਆ। ਫਲੱਡ ਗੇਟ ਸਿਰਫ਼ ਦੋ ਫੁੱਟ ਤੱਕ ਖੋਲ੍ਹੇ ਗਏ ਹਨ। ਰੂਪਨਗਰ ਦੇ ਡੀਸੀ ਵਰਿੰਦਰ ਵਾਲੀਆ ਨੇ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਭਾਖੜਾ ਡੈਮ ਦਾ ਪਾਣੀ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾਂ ਹੈ।

 

Share This Article
Leave a Comment