ਇੰਗਲੈਂਡ ਤੋਂ ਪਰਤੇ ਫਗਵਾੜਾ ਦੇ 80 ਸਾਲਾ ਵਿਅਕਤੀ ਦੀ ਹੋਈ ਮੌਤ, ਪਰਿਵਾਰ ਨੂੰ ਕੀਤਾ ਗਿਆ ਆਈਸੋਲੇਟ

TeamGlobalPunjab
2 Min Read

ਫਗਵਾੜਾ: ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ। ਚੰਡੀਗੜ੍ਹ ‘ਚ 23 ਸਾਲ ਦੀ ਮੁਟਿਆਰ ਦੇ ਕੋਰੋਨਾ ਨਾਲ ਪੀੜਤ ਹੋਣ ਦੀ ਪੁਸ਼ਟੀ ਅਤੇ ਲਗਾਤਾਰ ਸ਼ੱਕੀ ਮਰੀਜ਼ ਮਿਲਣ ਨਾਲ ਡਰ ਦਾ ਮਾਹੌਲ ਬਣਿਆ ਹੋਇਆ ਹੈ। ਨਵਾਂ ਸ਼ਹਿਰ ਵਿੱਚ ਇੱਕ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋਣ ਤੋਂ ਬਾਅਦ ਹੁਣ ਕਪੂਰਥਲੇ ਦੇ ਫਗਵਾੜਾ ਵਿੱਚ ਖਾਂਸੀ ਤੇ ਜ਼ੁਖਾਮ ਨਾਲ ਪੀੜਤ 80 ਸਾਲਾ ਦੇ ਮੋਹਨਲਾਲ ਦੀ ਮੌਤ ਹੋ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਉਹ 5 ਮਾਰਚ ਨੂੰ ਇੰਗਲੈਂਡ ਤੋਂ ਪਰਤੇ ਸਨ। ਉਨ੍ਹਾਂ ਦੀ 16 ਮਾਰਚ ਤੋਂ ਸਿਹਤ ਖ਼ਰਾਬ ਚੱਲ ਰਹੀ ਸੀ ਅਤੇ ਸ਼ੂਗਰ ਵਧੀ ਹੋਈ ਸੀ ਇਸ ਦੇ ਨਾਲ ਹੀ ਉਨ੍ਹਾਂ ਨੂੰ ਖੰਘ ਅਤੇ ਜ਼ੁਖਾਮ ਵੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਅਤੇ ਕਰੀਬੀਆਂ ਨੂੰ 14 ਦਿਨ ਲਈ ਆਈਸੋਲੇਟ ਕੀਤਾ ਗਿਆ ਹੈ।

ਬਜ਼ੁਰਗ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਵੱਖ-ਵੱਖ ਬਿਆਨ ਆ ਰਹੇ ਹਨ ਸਿਵਲ ਹਸਪਤਾਲ ਦੇ ਕਾਰਜਕਾਰੀ ਐੱਸਐੱਮਓ ਡਾ.ਐੱਸਪੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਸੀ ਤੇ ਉਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ।

ਦੂਜੇ ਪਾਸੇ ਸਿਵਲ ਸਰਜਨ ਡਾਕਟਰ ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਮੋਹਨ ਲਾਲ ਦਾ ਸੈਂਪਲ ਨਹੀਂ ਲਿਆ ਗਿਆ ਸੀ ਕਿਉਂਕਿ ਉਨ੍ਹਾਂ ਦੇ ਇੰਗਲੈਂਡ ਤੋਂ ਆਉਣ ਬਾਰੇ ਕੋਈ ਸੂਚਨਾ ਨਹੀਂ ਸੀ। ਕਪੂਰਥਲਾ ਦੀ ਡਿਪਟੀ ਕਮਿਸ਼ਨਰ ਦਿਪਤੀ ਉੱਪਲ ਦਾ ਕਹਿਣਾ ਹੈ ਕਿ ਮਰੀਜ਼ ਦੀ ਉਨ੍ਹਾਂ ਦੇ ਘਰ ਹੀ ਮੌਤ ਹੋਈ ਹੈ ਉਹ ਡਾਕਟਰ ਦੇ ਕੋਲ ਚੈੱਕਅਪ ਲਈ ਆਏ ਹੀ ਨਹੀਂ ਸਨ। ਪਰ ਫਿਰ ਵੀ ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ 14 ਦਿਨਾਂ ਲਈ ਆਈਸੋਲੇਟ ਰਹਿਣ ਦੀ ਸਲਾਹ ਦਿੱਤੀ ਗਈ ਹੈ ਤੇ ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ । ਸਿਹਤ ਵਿਭਾਗ ਦੇ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਫਗਵਾੜਾ ‘ਚ ਬਜ਼ੁਰਗ ਦੀ ਮੌਤ ਵਾਇਰਸ ਨਾਲ ਹੋਣ ਤੋਂ ਇਨਕਾਰ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਹਰ ਮੌਤ ਨੂੰ ਕੋਰੋਨਾ ਨਾਲ ਨਹੀਂ ਜੋੜਿਆ ਜਾ ਸਕਦਾ।

- Advertisement -

Share this Article
Leave a comment