ਜੈਪੁਰ : ਕੋਰੋਨਾ ਨਾਮੀ ਵਾਇਰਸ ਨੇ ਚੀਨ ਦੇ ਨਾਲ-ਨਾਲ ਪੂਰੀ ਦੁਨੀਆ ‘ਚ ਹਲਚਲ ਪੈਦਾ ਕਰ ਦਿੱਤੀ ਹੈ। ਚੀਨ ‘ਚ ਕੋਰੋਨਾ ਵਾਇਰਸ ਫੈਲਣ ਕਾਰਨ ਮਰਨ ਵਾਲਿਆਂ ਦੀ ਗਿਣਤੀ 80 ਹੋ ਗਈ ਹੈ। ਜਦਕਿ ਸੰਕਰਮਿਤ ਲੋਕਾਂ ਦੀ ਗਿਣਤੀ 2000 ਤੱਕ ਪਹੁੰਚ ਗਈ ਹੈ।
ਇਸ ‘ਚ ਹੀ ਕੋਰੋਨਾ ਵਾਇਰਸ ਨੇ ਹੁਣ ਭਾਰਤ ‘ਚ ਵੀ ਦਸਤਕ ਦੇ ਦਿੱਤੀ ਹੈ। ਮੁੰਬਈ ਤੋਂ ਬਾਅਦ ਹੁਣ ਜੈਪੁਰ ‘ਚ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ। ਜਿਸ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪੀੜਤ ਨੌਜਵਾਨ ਚੀਨ ‘ਚ ਐਮਐਮਬੀਐੱਸ ਦੀ ਪੜ੍ਹਾਈ ਕਰ ਰਿਹਾ ਹੈ ਜੋ ਹਾਲ ਹੀ ‘ਚ ਭਾਰਤ ਆਇਆ ਹੈ। ਹਾਲਾਂਕਿ ਇਸ ਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਹੋ ਸਕਦਾ ਹੈ।
ਜੈਪੁਰ ਦੇ ਐੱਸਐੱਮਐੱਸ ਹਸਪਤਾਲ ਦੇ ਸੁਪਰਡੈਂਟ ਡੀਐੱਸ ਮੀਨਾ ਨੇ ਦੱਸਿਆ ਕਿ ਮਰੀਜ਼ ਨੂੰ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਰੋਨਾ ਵਾਇਰਸ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ। ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਜਾਂਚ ਦੇ ਨਮੂਨੇ ਪੁਣੇ ਸਥਿਤ ਨੈਸ਼ਨਲ ਵਾਇਰੋਲੋਜੀ ਲੈਬ ‘ਚ ਭੇਜੇ ਗਏ ਹਨ।
ਰਾਜਸਥਾਨ ਦੇ ਮੈਡੀਕਲ ਤੇ ਸਿਹਤ ਮੰਤਰੀ ਡਾ.ਰਘੂ ਸ਼ਰਮਾ ਨੇ ਐੱਸਐੱਮਐੱਸ ਮੈਡੀਕਲ ਕਾਲਜ ਪ੍ਰਸ਼ਾਸਨ ਨੂੰ ਚੀਨ ਤੋਂ ਭਾਰਤ ਪਰਤੇ ਵਿਦਿਆਰਥੀ ਨੂੰ ਤਤਕਾਲ ਅਲੱਗ ਵਾਰਡ (ਆਈਸੋਲੇਸ਼ਨ) ‘ਚ ਰੱਖਣ ਦੇ ਨਿਰਦੇਸ਼ ਦਿੱਤੇ ਹਨ ਤੇ ਨਾਲ ਹੀ ਉਸ ਵਿਦਿਆਰਥੀ ਦੇ ਪੂਰੇ ਪਰਿਵਾਰ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਡਾ. ਰਘੂ ਸ਼ਰਮਾ ਨੇ ਹਾਲ ਹੀ ‘ਚ ਚੀਨ ਤੋਂ ਭਾਰਤ ਪਰਤੇ ਰਾਜ ਦੇ 4 ਜ਼ਿਲ੍ਹਿਆਂ ਦੇ 18 ਵਿਅਕਤੀਆਂ ਨੂੰ 28 ਦਿਨਾਂ ਤੱਕ ਨਿਰੰਤਰ ਨਿਗਰਾਨੀ ‘ਚ ਰੱਖਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ। ਇਸ ਲਈ ਉਨ੍ਹਾਂ ਨੇ ਉਕਤ ਰਾਜਾਂ ਦੇ ਮੁੱਖ ਮੈਡੀਕਲ ਤੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ।
ਚੀਨ ਤੋਂ ਇਲਾਵਾ ਥਾਈਲੈਂਡ ‘ਚ ਪੰਜ, ਆਸਟ੍ਰੇਲੀਆ ‘ਚ ਚਾਰ, ਤਾਇਵਾਨ, ਸਿੰਗਾਪੁਰ, ਮਲੇਸ਼ੀਆ ਤੇ ਫਰਾਂਸ ‘ਚ ਤਿੰਨ ਤੇ ਜਪਾਨ, ਦੱਖਣੀ ਕੋਰੀਆ, ਅਮਰੀਕਾ, ਵੀਅਤਨਾਮ ‘ਚ ਦੋ ਤੇ ਨੇਪਾਲ ‘ਚ ਵੀ ਕੋਰੋਨਾ ਵਾਇਰਸ ਦੇ ਇੱਕ ਕੇਸ ਦੀ ਪੁਸ਼ਟੀ ਹੋਈ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ।