ਪਠਾਨਕੋਟ: ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ‘ਤੇ ਪਠਾਨਕੋਟ ਵਿੱਚ ਜਾਨਲੇਵਾ ਹਮਲਾ ਹੋਇਆ ਸੀ। ਜਿਸ ਵਿੱਚ ਦੋ ਮੈਂਬਰਾਂ ਦੀ ਮੌਤ ਹੋ ਗਈ ਸੀ। ਹੁਣ ਪੁਲਿਸ ਨੇ ਕਾਰਵਾਈ ਕਰਦੇ ਹੋਏ 15 ਦਿਨਾਂ ਬਾਅਦ ਮਾਮਲੇ ਵਿੱਚ ਕਤਲ ਦੀ ਧਾਰਾ ਨੂੰ ਜੋੜ ਦਿੱਤਾ ਹੈ।
ਇਸ ਸਬੰਧੀ ਕ੍ਰਿਕਟਰ ਸੁਰੇਸ਼ ਰੈਣਾ ਨੇ ਟਵੀਟ ਕਰਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਸੀ ਕਿ, ਪਠਾਨਕੋਟ ਦੇ ਪਿੰਡ ਥਰਿਆਲ ਵਿੱਚ ਜਿਹੜਾ ਉਨ੍ਹਾਂ ਦੇ ਰਿਸ਼ਤੇਦਾਰਾਂ ਉੱਪਰ ਤਸ਼ੱਦਦ ਢਾਹਿਆ ਗਿਆ ਹੈ, ਇਸ ਦੀ ਜਾਂਚ ਕੀਤੀ ਜਾਵੇ।
ਪਿੰਡ ਥਰਿਆਲ ਵਿੱਚ ਸੁਰੇਸ਼ ਰੈਣਾ ਦੀ ਭੂਆ ਰਹਿੰਦੇ ਹਨ, 19-20 ਅਗਸਤ ਦੀ ਰਾਤ ਨੂੰ ਘਰ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਖੋਹ ਕਰਨ ਦੇ ਇਰਾਦੇ ਨਾਲ ਪਰਿਵਾਰ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀ। ਇਸ ਹਮਲੇ ਵਿੱਚ ਸੁਰੇਸ਼ ਰੈਣਾ ਦੇ ਫੁੱਫੜ ਅਸ਼ੋਕ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਦੋਂ ਕਿ 1 ਸਤੰਬਰ ਨੂੰ ਉਨ੍ਹਾਂ ਦੇ ਲੜਕੇ ਦੀ ਵੀ ਮੌਤ ਹੋ ਗਈ।
ਇਸ ਸਮੇਂ ਪਰਿਵਾਰ ਦੇ ਵਿੱਚ ਤਿੰਨ ਹੋਰ ਮੈਂਬਰ ਜ਼ਖਮੀ ਹਨ ਅਤੇ ਸੁਰੇਸ਼ ਰੈਣਾ ਦੀ ਭੂਆ ਆਸ਼ਾ ਦੇਵੀ ਕੌਮਾ ਵਿੱਚ ਚਲੀ ਗਈ ਹਨ। ਉਨ੍ਹਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਫੁੱਫੜ ਅਤੇ ਭਰਾ ਦੀ ਮੌਤ ਹੋਣ ਦੇ ਕਾਰਨ ਸੁਰੇਸ਼ ਰੈਣਾ ਨੇ ਟਵੀਟ ਕਰਕੇ ਜਾਂਚ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕੇਸ ਦੀ ਜਾਂਚ ਲਈ ਐੱਸਆਈਟੀ ਵੀ ਗਠਿਤ ਕੀਤੀ। ਪੰਦਰਾਂ ਦਿਨਾਂ ਬਾਅਦ ਹੁਣ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਕੇਸ ਵਿੱਚ ਧਾਰਾ 302 ਜੋੜ ਦਿੱਤੀ ਹੈ।