ਨਵੀਂ ਦਿੱਲੀ : ਮਾਨਯੋਗ ਸੁਪਰੀਮ ਕੋਰਟ ਗੈਂਗਸਟਰ ਵਿਕਾਸ ਦੂਬੇ ਅਤੇ ਉਸ ਦੇ ਸਾਥੀਆਂ ਦੇ ਐਨਕਾਉਂਟਰ ਦੀ ਆਪਣੀ ਨਿਗਰਾਨੀ ਹੇਠ ਸੀਬੀਆਈ ਤੋਂ ਜਾਂਚ ਕਰਵਾਉਣ ਵਾਲੀ ਪਟੀਸ਼ਨਾਂ ’ਤੇ ਅੱਜ ਸੁਣਵਾਈ ਕਰੇਗਾ। ਚੀਫ ਜਸਟਿਸ ਐਸਏ ਬੋਬੜੇ ਦਾ ਬੈਂਚ ਇਨ੍ਹਾਂ ਪਟੀਸ਼ਨਾਂ ‘ਤੇ ਸੁਣਵਾਈ ਕਰੇਗਾ। ਦੱਸ ਦੇਈਏ ਕਿ ਗੈਂਗਸਟਰ ਵਿਕਾਸ ਦੂਬੇ ਅਤੇ ਉਸਦੇ ਪੰਜ ਸਾਥੀਆਂ ਦੀ ਪੁਲਿਸ ਮੁਠਭੇੜ ‘ਚ ਮੌਤ ਹੋ ਗਈ ਸੀ। ਇਨ੍ਹਾਂ ਪਟੀਸ਼ਨਾਂ ‘ਚੋਂ ਇੱਕ ਪਟੀਸ਼ਨ ਵਿਕਾਸ ਦੁਬੇ ਦੇ ਐਨਕਾਊਂਟਰ ਤੋਂ ਕੁਝ ਘੰਟੇ ਪਹਿਲਾਂ ਹੀ ਈ-ਮੇਲ ਦੇ ਜ਼ਰੀਏ ਦਾਖਿਲ ਕੀਤੀ ਗਈ ਸੀ।
ਦੱਸ ਦਈਏ ਕਿ ਇਲਾਹਾਬਾਦ ਹਾਈ ਕੋਰਟ ਦੀ ਲਖਨਓ ਬੈਂਚ ਨੇ ਗੈਂਗਸਟਰ ਵਿਕਾਸ ਦੁਬੇ ਦੇ ਪੁਲਿਸ ਐਨਕਾਊਂਟਰ ਦੀ ਜਾਂਚ ਲਈ ਨਿਆਂਇਕ ਕਮਿਸ਼ਨ ਬਣਾਉਣ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
ਰਾਜ ਸਰਕਾਰ ਦੇ ਵਧੀਕ ਐਡਵੋਕੇਟ ਜਨਰਲ ਵਿਨੋਦ ਕੁਮਾਰ ਸ਼ਾਹੀ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਰਿਟਾਇਰਡ ਹਾਈ ਕੋਰਟ ਦੇ ਜਸਟਿਸ ਸ਼ਸ਼ੀਕਾਂਤ ਅਗਰਵਾਲ ਦਾ ਨਿਆਂਇਕ ਕਮਿਸ਼ਨ ਦਾ ਗਠਨ ਕਰ ਦਿੱਤਾ ਹੈ। ਐਸਆਈਟੀ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜਿਹੇ ‘ਚ ਪਟੀਸ਼ਨ ਮਹੱਤਵਹੀਣ ਅਤੇ ਖਾਰਜ ਕਰਨ ਲਾਇਕ ਹੈ। ਇਸ ‘ਤੇ ਪਟੀਸ਼ਨਰ ਨੰਦਿਤਾ ਭਾਰਤੀ ਨੇ ਇਹ ਕਹਿੰਦੇ ਹੋਏ ਪਟੀਸ਼ਨ ਵਾਪਸ ਲੈਣ ਦੀ ਅਪੀਲ ਕੀਤੀ ਕਿ ਉਨ੍ਹਾਂ ਨੂੰ ਨਵੀਂ ਪਟੀਸ਼ਨ ਦਾਇਰ ਕਰਨ ਦੀ ਆਗਿਆ ਦਿੱਤੀ ਜਾਵੇ। ਜਿਸ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਖਾਰਜ ਕਰ ਭਵਿੱਖ ‘ਚ ਜ਼ਰੂਰਤ ਪੈਣ ‘ਤੇ ਨਵੀਂ ਪੀਆਈਐਲ ਦਾਇਰ ਕਰਨ ਲਈ ਕਿਹਾ ਹੈ।