ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਦੇਸ਼ ਵਿੱਚ ਵਧ ਰਹੀਆਂ ਆਨਲਾਈਨ ਠੱਗੀਆਂ ਅਤੇ ਖਾਸ ਤੌਰ ‘ਤੇ ਜਾਅਲੀ ਅਦਾਲਤੀ ਹੁਕਮਾਂ ਰਾਹੀਂ ਲੋਕਾਂ ਨੂੰ ‘ਡਿਜੀਟਲ ਅਰੈਸਟ’ ਕਰਨ ਦੀਆਂ ਘਟਨਾਵਾਂ ‘ਤੇ ਸੰਜੀਦਗੀ ਨਾਲ ਵਿਚਾਰ ਕਰਦਿਆਂ ਕੇਂਦਰ ਸਰਕਾਰ ਅਤੇ ਸੀਬੀਆਈ ਤੋਂ ਸਪੱਸ਼ਟੀਕਰਨ ਮੰਗਿਆ ਹੈ। ਅਦਾਲਤ ਨੇ ਕਿਹਾ ਕਿ ਅਜਿਹੇ ਅਪਰਾਧ ਇਨਸਾਫ ਪ੍ਰਣਾਲੀ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਢਾਹ ਲਾਉਣ ਵਾਲੇ ਹਨ। ਹਰਿਆਣਾ ਦੇ ਅੰਬਾਲਾ ਵਿੱਚ ਇੱਕ ਬਜ਼ੁਰਗ ਜੋੜੇ ਨੂੰ ਫਰਜ਼ੀ ਅਦਾਲਤੀ ਅਤੇ ਜਾਂਚ ਏਜੰਸੀਆਂ ਦੇ ਹੁਕਮਾਂ ਦੇ ਨਾਮ ‘ਤੇ ‘ਡਿਜੀਟਲ ਅਰੈਸਟ’ ਕਰਕੇ 1.05 ਕਰੋੜ ਰੁਪਏ ਦੀ ਠੱਗੀ ਮਾਰਨ ਦੀ ਘਟਨਾ ਨੂੰ ਸੁਪਰੀਮ ਕੋਰਟ ਨੇ ਗੰਭੀਰਤਾ ਨਾਲ ਲਿਆ ਹੈ।
ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੌਇਮਾਲਿਆ ਬਾਗਚੀ ਦੀ ਬੈਂਚ ਨੇ ਆਖਿਆ ਕਿ ਇਹ ਕੋਈ ਸਧਾਰਨ ਅਪਰਾਧ ਨਹੀਂ, ਜਿਸ ਵਿੱਚ ਪੁਲਿਸ ਨੂੰ ਸਿਰਫ਼ ਜਾਂਚ ਤੇਜ਼ ਕਰਨ ਦੀ ਹਦਾਇਤ ਦਿੱਤੀ ਜਾਵੇ। ਇਹ ਅਜਿਹਾ ਅਪਰਾਧ ਹੈ, ਜਿਸ ਦੇ ਅਪਰਾਧੀ ਸੰਗਠਨ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਨ ਲਈ ਕੇਂਦਰ ਅਤੇ ਰਾਜ ਪੁਲਿਸ ਦੀ ਸਾਂਝੀ ਮੁਹਿੰਮ ਜ਼ਰੂਰੀ ਹੈ। ਸੁਪਰੀਮ ਕੋਰਟ ਨੇ ‘ਡਿਜੀਟਲ ਅਰੈਸਟ’ ਦੀਆਂ ਵਧਦੀਆਂ ਘਟਨਾਵਾਂ ‘ਤੇ ਚਿੰਤਾ ਜਤਾਈ ਅਤੇ 73 ਸਾਲਾ ਔਰਤ ਵੱਲੋਂ 21 ਸਤੰਬਰ ਨੂੰ ਭਾਰਤ ਦੇ ਮੁੱਖ ਨਿਆਂਪਤੀ ਬੀ.ਆਰ. ਗਵਈ ਨੂੰ ਲਿਖੇ ਗਏ ਪੱਤਰ ਦਾ ਖੁਦ ਨੋਟਿਸ ਲੈਂਦਿਆਂ ਕੇਸ ਦਰਜ ਕੀਤਾ। ਪੱਤਰ ਵਿੱਚ ਦੱਸਿਆ ਗਿਆ ਸੀ ਕਿ ਜੋੜੇ ਨੂੰ ਅਦਾਲਤੀ ਹੁਕਮਾਂ ਦੀ ਧਮਕੀ ਦੇ ਕੇ ਠੱਗਿਆ ਗਿਆ।
ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ, ਹਾਈ ਕੋਰਟ ਦੇ ਹੁਕਮਾਂ ਅਤੇ ਜੱਜਾਂ ਦੇ ਦਸਤਖਤਾਂ ਦੀ ਨਕਲ ਕਰਕੇ ਸੀਨੀਅਰ ਨਾਗਰਿਕਾਂ ਸਮੇਤ ਨਿਰਦੋਸ਼ ਲੋਕਾਂ ਨੂੰ ‘ਡਿਜੀਟਲ ਅਰੈਸਟ’ ਦੇ ਜ਼ਰੀਏ ਨਿਸ਼ਾਨਾ ਬਣਾਉਣਾ ਨਿਆਂਇਕ ਅਦਾਰਿਆਂ ‘ਚ ਲੋਕਾਂ ਦੇ ਭਰੋਸੇ ਨੂੰ ਠੇਸ ਪਹੁੰਚਾਉਣ ਵਾਲੀ ਹਰਕਤ ਹੈ। ‘ਡਿਜੀਟਲ ਅਰੈਸਟ’ ਇੱਕ ਆਨਲਾਈਨ ਧੋਖਾਧੜੀ ਦਾ ਤਰੀਕਾ ਹੈ, ਜਿਸ ਵਿੱਚ ਠੱਗ ਆਪਣੇ ਆਪ ਨੂੰ ਸਰਕਾਰੀ ਅਧਿਕਾਰੀ ਜਾਂ ਪੁਲਿਸ ਅਫਸਰ ਦੱਸ ਕੇ ਲੋਕਾਂ ‘ਤੇ ਕਾਨੂੰਨ ਤੋੜਨ ਦੇ ਇਲਜ਼ਾਮ ਲਗਾਉਂਦੇ ਹਨ ਅਤੇ ਧਮਕੀਆਂ ਦੇ ਕੇ ਉਨ੍ਹਾਂ ਤੋਂ ਗੈਰਕਾਨੂੰਨੀ ਤਰੀਕੇ ਨਾਲ ਪੈਸੇ ਵਸੂਲਣ ਦੀ ਕੋਸ਼ਿਸ਼ ਕਰਦੇ ਹਨ।
ਸੁਪਰੀਮ ਕੋਰਟ ਨੇ ਜ਼ੋਰ ਦੇ ਕੇ ਕਿਹਾ ਕਿ ਦਸਤਾਵੇਜ਼ਾਂ ਦੀ ਜਾਅਲਸਾਜ਼ੀ ਅਤੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਨਾਮ, ਮੋਹਰ ਅਤੇ ਹੁਕਮਾਂ ਦੀ ਅਪਰਾਧਿਕ ਦੁਰਵਰਤੋਂ ਚਿੰਤਾਜਨਕ ਮੁੱਦਾ ਹੈ। ਅਜਿਹੀਆਂ ਗੰਭੀਰ ਅਪਰਾਧਕ ਗਤੀਵਿਧੀਆਂ ਨੂੰ ਸਾਧਾਰਨ ਸਾਈਬਰ ਅਪਰਾਧ ਜਾਂ ਧੋਖਾਧੜੀ ਵਜੋਂ ਨਹੀਂ ਦੇਖਿਆ ਜਾ ਸਕਦਾ। ਬੈਂਚ ਨੇ ਕਿਹਾ, “ਅਸੀਂ ਇਹ ਵੀ ਨੋਟ ਕਰਦੇ ਹਾਂ ਕਿ ਇਹ ਕੋਈ ਇਕੱਲਾ ਮਾਮਲਾ ਨਹੀਂ ਹੈ। ਮੀਡੀਆ ਵਿੱਚ ਅਕਸਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੇ ਅਪਰਾਧ ਵਾਪਰ ਰਹੇ ਹਨ।” ਅਦਾਲਤ ਨੇ ਅਟਾਰਨੀ ਜਨਰਲ ਤੋਂ ਸਹਾਇਤਾ ਮੰਗੀ ਅਤੇ ਹਰਿਆਣਾ ਸਰਕਾਰ ਤੇ ਅੰਬਾਲਾ ਸਾਈਬਰ ਅਪਰਾਧ ਵਿਭਾਗ ਨੂੰ ਬਜ਼ੁਰਗ ਜੋੜੇ ਦੇ ਮਾਮਲੇ ਵਿੱਚ ਹੁਣ ਤੱਕ ਕੀਤੀ ਜਾਂਚ ਦੀ ਰਿਪੋਰਟ ਸੌਂਪਣ ਦੇ ਹੁਕਮ ਜਾਰੀ ਕੀਤੇ।