ਨਵੀਂ ਦਿੱਲੀ: ਉੱਤਰੀ ਭਾਰਤ ਦੇ ਕਈ ਸੂਬੇ ਭਾਰੀ ਬਾਰਿਸ਼ ਅਤੇ ਹੜ੍ਹ ਦੀ ਮਾਰ ਹੇਠ ਹਨ, ਜਿਸ ਨਾਲ ਹਾਲਾਤ ਲਗਾਤਾਰ ਵਿਗੜ ਰਹੇ ਹਨ। ਪੰਜਾਬ ’ਚ ਕਈ ਦਹਾਕਿਆਂ ਬਾਅਦ ਨਦੀਆਂ ਅਜਿਹੇ ਉਫਾਨ ’ਤੇ ਹਨ, ਅਤੇ ਕਈ ਇਲਾਕੇ ਪਾਣੀ ’ਚ ਡੁੱਬ ਗਏ ਹਨ। ਸੁਪਰੀਮ ਕੋਰਟ ਨੇ ਉੱਤਰੀ ਭਾਰਤ ਦੇ ਹੜ੍ਹ ਪ੍ਰਭਾਵਿਤ ਸੂਬਿਆਂ ’ਚ ਗੈਰ-ਕਾਨੂੰਨੀ ਰੁਖਾਂ ਦੀ ਕਟਾਈ ਦੇ ਸ਼ੁਰੂਆਤੀ ਸਬੂਤਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਸਰਕਾਰਾਂ ਨੂੰ ਤਿੰਨ ਹਫਤਿਆਂ ’ਚ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਹਨ। ਭਾਰਤੀ ਮੌਸਮ ਵਿਭਾਗ (IMD) ਨੇ ਉੱਤਰਾਖੰਡ, ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ’ਚ ਫਲੈਸ਼ ਫਲੱਡ ਦਾ ਅਲਰਟ ਜਾਰੀ ਕੀਤਾ ਹੈ।
ਸੁਪਰੀਮ ਕੋਰਟ ਦੀ ਟਿੱਪਣੀ
CJI ਬੀ.ਆਰ. ਗਵਈ ਅਤੇ ਉਨ੍ਹਾਂ ਦੀ ਬੈਂਚ ਨੇ ਕਿਹਾ ਕਿ ਪਹਿਲੀ ਨਜ਼ਰ ’ਚ ਲੱਗਦਾ ਹੈ ਕਿ ਪਹਾੜੀ ਖੇਤਰਾਂ ’ਚ ਵੱਡੇ ਪੱਧਰ ’ਤੇ ਰੁੱਖਾਂ ਦੀ ਗੈਰ-ਕਾਨੂੰਨੀ ਕਟਾਈ ਹੋਈ ਹੈ। CJI ਨੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਕੇ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕਿਹਾ।
ਸਾਲਿਸਿਟਰ ਜਨਰਲ ਮਹਿਤਾ ਨੇ ਕਿਹਾ ਕਿ ਉਹ ਪਰਿਆਵਰਣ ਅਤੇ ਵਨ ਮੰਤਰਾਲੇ ਦੇ ਸਕੱਤਰ ਨਾਲ ਸੰਪਰਕ ਕਰਕੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰਨਗੇ। ਉਨ੍ਹਾਂ ਨੇ ਕਿਹਾ, “ਅਸੀਂ ਕੁਦਰਤ ਨਾਲ ਐਨੀ ਛੇੜਛਾੜ ਕੀਤੀ ਹੈ ਕਿ ਹੁਣ ਉਹ ਸਾਨੂੰ ਨੁਕਸਾਨ ਪਹੁੰਚਾ ਰਹੀ ਹੈ।” CJI ਨੇ ਇਸ ’ਤੇ ਸਹਿਮਤੀ ਜਤਾਈ।
CJI ਗਵਈ ਨੇ ਅੱਗੇ ਕਿਹਾ, “ਅਸੀਂ ਪਹਿਲਾਂ ਵੀ ਮੀਂਹ ਅਤੇ ਹੜ੍ਹ ਦੇਖੇ ਹਨ। ਇਹ ਇੱਕ ਬਹੁਤ ਹੀ ਗੰਭੀਰ ਮਾਮਲਾ ਹੈ। ਅਸੀਂ ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਨੂੰ ਨੋਟਿਸ ਜਾਰੀ ਕਰਦੇ ਹਾਂ। ਇਨ੍ਹਾਂ ਸੂਬਾਂ ਸਰਕਾਰਾਂ ਨੂੰ ਅਗਲੇ ਤਿੰਨ ਹਫਤਿਆਂ ’ਚ ਜਵਾਬ ਦੇਣਾ ਹੋਵੇਗਾ।” ਉਨ੍ਹਾਂ ਨੇ ਸਾਲਿਸਿਟਰ ਜਨਰਲ ਨੂੰ ਕਿਹਾ ਕਿ ਕੇਂਦਰ ਸਰਕਾਰ ਵੀ ਇਸ ਮੁੱਦੇ ’ਤੇ ਧਿਆਨ ਦੇਵੇ। ਉਨ੍ਹਾਂ ਨੇ ਅੱਗੇ ਕਿਹਾ, “ਮੀਡੀਆ ’ਚ ਦਿਖਾਇਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ’ਚ ਵੱਡੀ ਗਿਣਤੀ ’ਚ ਲੱਕੜਾਂ ਵਗ ਰਹੀਆਂ ਹਨ।”
ਉੱਤਰੀ ਭਾਰਤ ’ਚ ਹੜ੍ਹ ਦਾ ਕਹਿਰ
ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬਾਂ ਹੜ੍ਹ ਦੀ ਲਪੇਟ ’ਚ ਹਨ। ਫਲੈਸ਼ ਫਲੱਡ, ਭਾਰੀ ਬਾਰਿਸ਼ ਅਤੇ ਲੈਂਡਸਲਾਈਡ ਵਰਗੀਆਂ ਆਫਤਾਂ ਕਾਰਨ ਸੈਂਕੜੇ ਜਾਨਾਂ ਗਈਆਂ ਹਨ। ਭਾਰਤੀ ਮੌਸਮ ਵਿਭਾਗ (IMD) ਨੇ ਮੰਗਲਵਾਰ ਨੂੰ ਉੱਤਰ-ਪੱਛਮੀ ਭਾਰਤ ’ਚ ਭਾਰੀ ਬਾਰਿਸ਼ ਦੇ ਬਾਅਦ ਉੱਤਰਾਖੰਡ, ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ’ਚ ਫਲੈਸ਼ ਫਲੱਡ ਦੀ ਚਿਤਾਵਨੀ ਜਾਰੀ ਕੀਤੀ ਹੈ।