ਪੀ.ਏ.ਯੂ. ਵੱਲੋਂ ਵਿਕਸਿਤ ਮਸ਼ੀਨਰੀ ਅਤੇ ਪਸਾਰ ਸੇਵਾਵਾਂ ਪਰਾਲੀ ਦੀ ਵਾਤਾਵਰਨ ਪੱਖੀ ਸੰਭਾਲ ਦਾ ਮਾਹੌਲ ਬਣੇਗਾ

TeamGlobalPunjab
4 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਖੇਤੀਬਾੜੀ ਯੂਨੀਵਰਸਟੀ, ਲੁਧਿਆਣਾ (ਪੀ.ਏ.ਯੂ.) ਵਿੱਚ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ (ਸੀ ਆਈ ਆਈ) ਨਵੀਂ ਦਿੱਲੀ ਦੇ ਸਹਿਯੋਗ ਨਾਲ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ ਪਾਉਣ ਲਈ ਇੱਕ ਵਿਚਾਰ-ਚਰਚਾ ਕਰਵਾਈ ਗਈ। ਇਸ ਉੱਚ ਪੱਧਰੀ ਵਿਚਾਰ-ਚਰਚਾ ਵਿੱਚ ਸੀ ਆਈ ਆਈ ਅਤੇ ਪੀ.ਏ.ਯੂ. ਦੇ ਅਧਿਕਾਰੀਆਂ ਤੋਂ ਇਲਾਵਾ ਅਗਾਂਹਵਧੂ ਕਿਸਾਨ ਅਤੇ ਉਦਯੋਗਾਂ ਦੇ ਪ੍ਰਤੀਨਿਧ ਵੀ ਸ਼ਾਮਿਲ ਹੋਏ। ਇਸ ਵਿਚਾਰ-ਚਰਚਾ ਨੂੰ ਜ਼ੂਮ ਰਾਹੀਂ ਇਸ ਖੇਤਰ ਨਾਲ ਸੰਬੰਧਿਤ ਵੱਖ-ਵੱਖ ਵਿਭਾਗਾਂ ਤੱਕ ਵੀ ਪ੍ਰਸਾਰਿਤ ਕੀਤਾ ਗਿਆ ਸੀ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਇਸ ਸੰਵਾਦ ਦੀ ਸ਼ੁਰੂਆਤ ਕਰਦਿਆਂ ਪਰਾਲੀ ਸਾੜਨ ਦੇ ਰੁਝਾਨ ਬਾਰੇ ਵਿਸਥਾਰ ਨਾਲ ਗੱਲ ਕੀਤੀ । ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਬੀਤੇ ਸਾਲਾਂ ਵਿੱਚ ਇਸ ਮੁੱਦੇ ਤੇ ਆਪਣੇ ਖੋਜ ਅਤੇ ਪਸਾਰ ਪ੍ਰੋਗਰਾਮ ਨੂੰ ਇਸ ਤਰਾਂ ਵਿਉਂਤਿਆ ਹੈ ਕਿ ਪਰਾਲੀ ਦੀ ਸੰਭਾਲ ਦਾ ਤਕਨੀਕੀ ਹੱਲ ਲੱਭਿਆ ਜਾ ਸਕੇ। ਇਸ ਦੇ ਬਾਵਜੂਦ ਇਸ ਸਮੱਸਿਆ ਦੀ ਪੂਰੀ ਤਰਾਂ ਰੋਕਥਾਮ ਲਈ ਸਮੁੱਚੇ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਹੈ।
ਆਰੰਭਕ ਟਿੱਪਣੀ ਵਿੱਚ ਸੀ ਆਈ ਆਈ ਦੇ ਉਪ ਨਿਰਦੇਸ਼ਕ ਜਨਰਲ ਮਿਸ ਸੀਮਾ ਅਰੋੜਾ ਨੇ ਪਰਾਲੀ ਦੀ ਸੰਭਾਲ ਲਈ ਭਾਰਤੀ ਉਦਯੋਗ ਸੰਘ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਇਸੇ ਸਿਲਸਿਲੇ ਵਿੱਚ ਪੀ.ਏ.ਯੂ. ਦੇ ਸਹਿਯੋਗ ਨਾਲ ਇਹ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ। ਕਿਸਾਨਾਂ ਨਾਲ ਪੀ.ਏ.ਯੂ. ਦੇ ਨੇੜਲੇ ਸੰਬੰਧਾਂ ਦਾ ਜ਼ਿਕਰ ਕਰਦਿਆਂ ਕੁਮਾਰੀ ਸੀਮਾ ਅਰੋੜਾ ਨੇ ਆਸ ਪ੍ਰਗਟਾਈ ਕਿ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਮਸ਼ੀਨਰੀ ਅਤੇ ਪਸਾਰ ਸੇਵਾਵਾਂ ਦੇ ਮੱਦੇਨਜ਼ਰ ਪਰਾਲੀ ਦੀ ਵਾਤਾਵਰਨ ਪੱਖੀ ਸੰਭਾਲ ਦਾ ਮਾਹੌਲ ਬਣੇਗਾ।

ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਇਸ ਮੌਕੇ ਪੀ.ਏ.ਯੂ. ਵੱਲੋਂ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਪਰਾਲੀ ਦੀ ਸੰਭਾਲ ਲਈ ਸਿਫ਼ਾਰਸ਼ ਕੀਤੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਘੱਟ ਮਿਆਦ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਤੋਂ ਲੈ ਕੇ ਉੱਚ ਪੱਧਰੀ ਮਸ਼ੀਨਰੀ ਤੱਕ ਹਰ ਪੱਖ ਨੂੰ ਆਪਣੀ ਖੋਜ ਅਤੇ ਪਸਾਰ ਦਾ ਆਧਾਰ ਬਣਾਇਆ ਹੈ। ਉਹਨਾਂ ਕਿਹਾ ਕਿ ਕਿਸੇ ਵੀ ਤਰਾਂ ਨਾਲ ਪਰਾਲੀ ਦੀ ਸੰਭਾਲ ਕਰਨੀ ਸਮੇਂ ਦੀ ਲੋੜ ਹੈ । ਡਾ. ਮਾਹਲ ਨੇ ਖੇਤ ਤੋਂ ਬਾਹਰ ਪਰਾਲੀ ਸੰਭਾਲਣ ਦੇ ਤਰੀਕਿਆਂ ਬਾਰੇ ਭਵਿੱਖ ਦੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ।

ਸੀ ਆਈ ਆਈ ਤੋਂ ਸ੍ਰੀ ਚੰਦਰ ਕਾਂਤ ਪ੍ਰਧਾਨ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ । ਉਹਨਾਂ ਇੱਕ ਡਾਕੂਮੈਂਟਰੀ ਦੇ ਹਵਾਲੇ ਨਾਲ ਪਰਾਲੀ ਦੀ ਸੰਭਾਲ ਕਰਨ ਵਾਲੇ ਕਿਸਾਨਾਂ ਦੇ ਤਜ਼ਰਬੇ ਸਾਂਝੇ ਕੀਤੇ ।

- Advertisement -

ਅਪਰ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਅਤੇ ਡਾ. ਵਿਸ਼ਾਲ ਬੈਕਟਰ ਦੀ ਨਿਗਰਾਨੀ ਹੇਠ ਕਿਸਾਨਾਂ ਨਾਲ ਇੱਕ ਖੁੱਲੀ ਵਿਚਾਰ-ਚਰਚਾ ਹੋਈ । ਕਿਸਾਨਾਂ ਨੇ ਪਰਾਲੀ ਦੀ ਸੰਭਾਲ ਦੀ ਦਿਸ਼ਾ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ ਅਤੇ ਆਪਣੇ ਤਜ਼ਰਬੇ ਸਾਂਝੇ ਕੀਤੇ।

ਆਰੰਭ ਵਿੱਚ ਅਪਰ ਨਿਰੇਦਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਸਵਾਗਤੀ ਸ਼ਬਦ ਕਹੇ ਜਦਕਿ ਡਾ. ਵਿਸ਼ਾਲ ਬੈਕਟਰ ਨੇ ਭਾਗ ਲੈਣ ਵਾਲਿਆਂ ਨਾਲ ਜਾਣ-ਪਛਾਣ ਕਰਵਾਈ। ਡਾ. ਜਸਕਰਨ ਸਿੰਘ ਮਾਹਲ ਨੇ ਅੰਤ ਵਿੱਚ ਸਮੁੱਚੀ ਵਿਚਾਰ-ਚਰਚਾ ਨੂੰ ਸਮੇਟਦਿਆਂ ਆਸ ਪ੍ਰਗਟ ਕੀਤੀ ਕਿ ਅੱਜ ਦੇ ਸੰਵਾਦ ਨਾਲ ਪਰਾਲੀ ਦੀ ਸੰਭਾਲ ਦਾ ਇੱਕ ਸੁਨੇਹਾ ਪੰਜਾਬ ਅਤੇ ਆਸ ਪਾਸ ਦੇ ਕਿਸਾਨਾਂ ਤੱਕ ਜਾਏਗਾ। ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਨਾਰੰਗ ਨੇ ਧੰਨਵਾਦ ਦੇ ਸ਼ਬਦ ਕਹੇ।

Share this Article
Leave a comment