ਨਵੀਂ ਦਿੱਲੀ: ਸੁਪਰੀਮ ਕੋਰਟ ਨੇ ‘ਇੰਡੀਆ ਗੋਟ ਲੇਟੈਂਟ’ ਮਾਮਲੇ ਵਿੱਚ ਰਣਵੀਰ ਇਲਾਹਾਬਾਦੀਆ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਉਨ੍ਹਾਂ ਨੂੰ ਆਪਣੇ ਸ਼ੋਅ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਮਾਮਲਾ ਸੁਪਰੀਮ ਕੋਰਟ ਵਿੱਚ ਲੰਬਿਤ ਸੀ, ਜਿੱਥੇ ਰਣਵੀਰ ਨੇ ਆਪਣੇ ਖ਼ਿਲਾਫ਼ ਆਏ ਹੁਕਮ ਵਿੱਚ ਸੋਧ ਦੀ ਮੰਗ ਕੀਤੀ ਸੀ। ਪਹਿਲਾਂ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅਗਲੇ ਹੁਕਮ ਤੱਕ ਕੋਈ ਸ਼ੋਅ ਕਰਨ ਦੀ ਮਨਾਹੀ ਸੀ। ਰਣਵੀਰ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੀ ਟੀਮ ਵਿੱਚ 280 ਕਰਮਚਾਰੀ ਹਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਇਸ ਉੱਤੇ ਨਿਰਭਰ ਕਰਦੀ ਹੈ।
ਗੰਦੀ ਭਾਸ਼ਾ ਪ੍ਰਤਿਭਾ ਨਹੀਂ
ਅਦਾਲਤ ਨੇ ਕਿਹਾ ਕਿ ਕਾਮੇਡੀ ਵਿੱਚ ਪ੍ਰਤਿਭਾ ਹੋਣੀ ਚਾਹੀਦੀ ਹੈ, ਪਰ ਗੰਦੀ ਭਾਸ਼ਾ ਦੀ ਵਰਤੋਂ ਕਰਨਾ ਪ੍ਰਤਿਭਾ ਨਹੀਂ ਹੈ। ਇਨ੍ਹਾਂ ਸ਼ੋਅਜ਼ ਨੂੰ ਪੂਰਾ ਪਰਿਵਾਰ ਦੇਖਦਾ ਹੈ, ਇਸ ਲਈ ਸ਼ਾਲੀਨਤਾ ਜ਼ਰੂਰੀ ਹੈ। ਅਦਾਲਤ ਨੇ ਇਸ਼ਾਰਾ ਕੀਤਾ ਕਿ ਹਾਸਰਸ ਇੱਕ ਐਸੀ ਚੀਜ਼ ਹੈ, ਜੋ ਹਰ ਉਮਰ ਦੇ ਲੋਕ ਆਨੰਦ ਮਾਣ ਸਕਣ।
ਨੈਤਿਕਤਾ ਅਤੇ ਸੁਤੰਤਰਤਾ ਵਿਚਕਾਰ ਸੰਤੁਲਨ
ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ਦੀ ਸਮੱਗਰੀ ਨੂੰ ਲੈ ਕੇ ਗੰਭੀਰਤਾ ਦਿਖਾਈ। ਕੇਂਦਰ ਸਰਕਾਰ ਨੂੰ ਆਨਲਾਈਨ ਸਮੱਗਰੀ ਤੇ ਨਿਯਮ ਬਣਾਉਣ ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਨੈਤਿਕਤਾ ਅਤੇ ਸੁਤੰਤਰਤਾ ਵਿਚਕਾਰ ਸੰਤੁਲਨ ਬਣਿਆ ਰਹੇ। ਅਦਾਲਤ ਨੇ ਇਹ ਵੀ ਕਿਹਾ ਕਿ ਹਰ ਸਮਾਜ ਦੇ ਨੈਤਿਕ ਮਾਪਦੰਡ ਵੱਖਰੇ ਹੋ ਸਕਦੇ ਹਨ, ਪਰ ਕੁਝ ਦਿਸ਼ਾ-ਨਿਰਦੇਸ਼ ਹੋਣੇ ਚਾਹੀਦੇ ਹਨ।
ਇਲਾਹਾਬਾਦੀਆ ਨੇ ਮੰਨੀ ਗਲਤੀ
ਰਣਵੀਰ ਇਲਾਹਾਬਾਦੀਆ ਨੇ ਮਹਾਰਾਸ਼ਟਰ ਪੁਲਿਸ ਅੱਗੇ ਮੰਨਿਆ ਕਿ ਉਨ੍ਹਾਂ ਨੇ ਵਿਵਾਦਿਤ ਟਿੱਪਣੀ ਕਰਕੇ ਗਲਤੀ ਕੀਤੀ। ਇਹ ਮਾਮਲਾ ਸਮਯ ਰੈਨਾ ਦੇ ਯੂਟਿਊਬ ਸ਼ੋਅ ‘ਇੰਡੀਆ ਗੋਟ ਲੇਟੈਂਟ’ ਨਾਲ ਜੁੜਿਆ ਹੋਇਆ ਹੈ, ਜਿਸ ‘ਚ ਉਨ੍ਹਾਂ ਦੀ ਟਿੱਪਣੀ ਨੇ ਵਿਵਾਦ ਖੜ੍ਹਾ ਕੀਤਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।