ਜਗਤਾਰ ਸਿੰਘ ਸਿੱਧੂ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ ਦੀ ਦਸ ਏਕੜ ਜਮੀਨ ਵਿਧਾਨ ਸਭਾ ਦੀ ਇਮਾਰਤ ਲਈ ਹਰਿਆਣਾ ਨੂੰ ਦੇਣ ਦੇ ਕੇਂਦਰੀ ਫੈਸਲੇ ਨੂੰ ਮੁੜ ਵਿਚਾਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ । ਭਾਜਪਾ ਪ੍ਰਧਾਨ ਦਾ ਕਹਿਣਾ ਹੈ ਕਿ ਚੰਡੀਗੜ ਕੇਵਲ ਖ਼ਿੱਤਾ ਨਹੀਂ ਹੈ ਸਗੋਂ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮਾਮਲਾ ਹੈ। ਬੇਸ਼ਕ ਪਿਛਲੇ ਕੁਝ ਸਮੇਂ ਤੋਂ ਸੁਨੀਲ ਜਾਖੜ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੋਇਆ ਹੈ ਪਰ ਉਹ ਅਸਤੀਫਾ ਪਾਰਟੀ ਨੇ ਪ੍ਰਵਾਨ ਨਹੀਂ ਕੀਤਾ ਹੈ । ਉਨਾਂ ਦੇ ਇਸ ਬਿਆਨ ਨੇ ਪੰਜਾਬ ਦੀ ਰਾਜਨੀਤੀ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ । ਇਸ ਤੋਂ ਪਹਿਲਾਂ ਭਾਜਪਾ ਦੇ ਆਗੂ ਇਹ ਤਾਂ ਆਖਦੇ ਰਹੇ ਹਨ ਕਿ ਚੰਡੀਗੜ੍ਹ ਅਤੇ ਦਰਿਆਈ ਪਾਣੀਆਂ ਦੇ ਮਾਮਲੇ ਵਿੱਚ ਉਹ ਪੰਜਾਬ ਦੇ ਹੱਕ ਵਿੱਚ ਖੜੇ ਹਨ ਪਰ ਕੇਂਦਰ ਦੇ ਕਿਸੇ ਵੱਡੇ ਪੰਜਾਬ ਵਿਰੋਧੀ ਫੈਸਲੇ ਦਾ ਵਿਰੋਧ ਕਰਨ ਦੀ ਮਿਸਾਲ ਪਿਛਲੇ ਕਾਫ਼ੀ ਸਮੇਂ ਤੋਂ ਨਹੀਂ ਮਿਲਦੀ । ਬੇਸ਼ੱਕ ਕੁਝ ਸਮਾਂ ਪਹਿਲਾਂ ਤੱਕ ਜਾਖੜ ਕਾਂਗਰਸ ਵਿਚ ਸਨ ਪਰ ਉਨਾਂ ਨੇ ਭਾਜਪਾ ਵਿੱਚ ਆਕੇ ਵੀ ਆਪਣਾ ਕਿਰਦਾਰ ਪੰਜਾਬ ਦੇ ਹੱਕ ਵਿੱਚ ਨਭਾਇਆ ਹੈ । ਭਾਜਪਾ ਵਰਗੀ ਅਨੁਸ਼ਾਸਨ ਵਾਲੀ ਪਾਰਟੀ ਵਿੱਚ ਰਹਿ ਕੇ ਕਿਸੇ ਫੈਸਲੇ ਨੂੰ ਬਦਲਣ ਲਈ ਪ੍ਰਧਾਨ ਮੰਤਰੀ ਨੂੰ ਕਹਿਣਾ ਕਿਸੇ ਨੇਤਾ ਦੇ ਕਿਰਦਾਰ ਦਾ ਸੁਨੇਹਾ ਦਿੰਦਾ ਹੈ । ਸੁਨੀਲ ਜਾਖੜ ਦੇ ਇਸ ਬਿਆਨ ਨੂੰ ਸੁਭਾਵਿਕ ਹੈ ਕਿ ਵਿਰੋਧੀ ਪਾਰਟੀਆਂ ਦੇ ਆਗੂ ਰਾਜਸੀ ਨਜ਼ਰੀਏ ਤੋਂ ਲੈਣਗੇ ਪਰ ਇਹ ਐਨਾ ਸਧਾਰਨ ਮਾਮਲਾ ਨਹੀਂ ਹੈ । ਚੰਡੀਗੜ੍ਹ ਦੀ ਦਸ ਏਕੜ ਜਮੀਨ ਹਰਿਆਣਾ ਨੂੰ ਦੇਣ ਦਾ ਮਾਮਲਾ ਅਗਲੇ ਦਿਨਾਂ ਵਿੱਚ ਭਖੇਗਾ। ਇਸ ਮਾਮਲੇ ਵਿੱਚ ਜਾਖੜ ਨੂੰ ਵੀ ਪੰਜਾਬੀਆਂ ਦੇ ਨਾਲ ਖੜੇ ਹੋਣਾ ਹੋਵੇਗਾ ।ਕੇਂਦਰ ਨੂੰ ਮੁੜ ਵਿਚਾਰਨ ਲਈ ਆਖਣ ਦੇ ਮਾਮਲੇ ਵਿੱਚ ਕੇਂਦਰ ਨੂੰ ਵੀ ਸਥਿਤੀ ਸਪੱਸ਼ਟ ਕਰਨੀ ਪਏਗੀ ਕਿਉਂਕਿ ਮਾਮਲਾ ਕੇਂਦਰ ਦਾ ਹੈ।ਪੰਜਾਬ ਦੀ ਬਾਕੀ ਭਾਜਪਾ ਲੀਡਰਸ਼ਿਪ ਲਈ ਵੀ ਜਾਖੜ ਨੇ ਲਕੀਰ ਖਿੱਚ ਦਿੱਤੀ ਕਿ ਲਕੀਰ ਦੇ ਕਿਸ ਪਾਸੇ ਖੜੇ ਹੋਣਾ ਹੈ ।
ਭਾਜਪਾ ਨੇਤਾ ਜਾਖੜ ਨੇ ਸਿੱਧੇ ਤੌਰ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਵੀ ਸਵਾਲ ਕੀਤਾ ਹੈ ਕਿ ਮੁੱਖ ਮੰਤਰੀ ਬਣਨ ਦਾ ਮਾਮਲਾ ਤਾਂ ਬਾਦ ਵਿੱਚ ਆਏਗਾ ਪਰ ਉਸ ਲਈ ਪਹਿਲਾਂ ਮਹੌਲ ਤਾਂ ਬਣਾਇਆ ਜਾਵੇ।ਅਜਿਹੀ ਸਥਿਤੀ ਵਿੱਚ ਆਏ ਦਿਨ ਪੰਜਾਬ ਦੇ ਮੁੱਦਿਆਂ ਉਪਰ ਬੋਲਣ ਵਾਲੇ ਨੌਜਵਾਨ ਨੇਤਾ ਰਵਨੀਤ ਬਿੱਟੂ ਚੰਡੀਗੜ੍ਹ ਦੇ ਮੁੱਦੇ ੳਪਰ ਕਿਵੇਂ ਸਟੈਂਡ ਲੈਣਗੇ? ਕੇਵਲ ਵਿਰੋਧੀਆਂ ਨੂੰ ਘੇਰਕੇ ਪੱਲਾ ਨਹੀਂ ਝਾੜਿਆ ਜਾ ਸਕਦਾ ।ਇਹ ਸਹੀ ਹੈ ਕਿ ਵਿਰੋਧੀ ਪਾਰਟੀਆਂ ਇਕ ਦੂਜੇ ਨੂੰ ਕੋਸਣ ਲਈ ਕੋਈ ਕਸਰ ਨਹੀਂ ਛੱਡਦੀਆਂ ਪਰ ਇਸ ਮਾਮਲੇ ਵਿੱਚ ਆਪਣੀ ਪਾਰਟੀ ਦੀ ਸਥਿਤੀ ਵੀ ਸਪਸ਼ਟ ਕਰਨੀ ਹੋਵੇਗੀ ।
ਚੰਡੀਗੜ੍ਹ ਦੀ ਜਮੀਨ ਜਿਸ ਤਰ੍ਹਾਂ ਧੱਕੇ ਨਾਲ ਹਰਿਆਣਾ ਨੂੰ ਦਿੱਤੀ ਗਈ ਹੈ ਉਸ ਦਾ ਵਿਰੋਧ ਕਾਂਗਰਸ ਅਤੇ ਅਕਾਲੀ ਦਲ ਵਲੋਂ ਵੀ ਕੀਤਾ ਗਿਆ ਹੈ । ਅਕਾਲੀ ਦਲ ਨੇ ਤਾਂ ਬਕਾਇਦਾ ਮੀਡੀਆ ਨਾਲ ਗੱਲਬਾਤ ਕਰਦਿਆਂ ਜਿਥੇ ਇਸ ਮਾਮਲੇ ਵਿਚ ਸੁਨੀਲ ਜਾਖੜ ਦੇ ਸਟੈਂਡ ਦੀ ਹਮਾਇਤ ਕੀਤੀ ਹੈ ੳਥੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਇੱਕਠੇ ਹੋਕੇ ਲੜਨ ਦਾ ਸੱਦਾ ਦਿੱਤਾ ਹੈ ।
ਵਿਰੋਧੀ ਧਿਰਾਂ ਦੀਆਂ ਨਜ਼ਰਾਂ ਹੁਣ ਪੰਜਾਬ ਦੀ ਹਾਕਮ ਧਿਰ ਉਪਰ ਵੀ ਹਨ। ਪੰਜਾਬ ਦੇ ਹਿੱਤਾਂ ਦੀ ਰਾਖੀ ਦੀ ਵੱਡੀ ਜ਼ਿੰਮੇਵਾਰੀ ਸੁਭਾਵਿਕ ਤੌਰ ਉਪਰ ਆਪ ਸਿਰ ਬਣਦੀ ਹੈ!
ਸੰਪਰਕ/ 9814002186