ਮੋਦੀ ਸਰਕਾਰ ਨੂੰ ਹਟਾਉਣ ਲਈ ਸੋਨੀਆ ਗਾਂਧੀ ਸਾਰੀਆਂ ਪਾਰਟੀਆਂ ਦੀ ਕੌਮੀ ਮੁਹਿੰਮ ਦੀ ਅਗਵਾਈ ਕਰਨ- ਸੁਨੀਲ ਜਾਖੜ

TeamGlobalPunjab
4 Min Read

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਕੌਮੀ ਆਗੂ ਰਾਹੁਲ ਗਾਂਧੀ ਨੂੰ ਪਹਿਲ ਕਦਮੀ ਕਰਦਿਆਂ ਬਾਕੀ ਪਾਰਟੀਆਂ ਨੂੰ ਨਾਲ ਲੈ ਕੇ ਮੋਦੀ ਸਰਕਾਰ ਨੂੰ ਲੋਕਤੰਤਰਿਕ ਤਰੀਕੇ ਨਾਲ ਸੱਤਾ ਤੋਂ ਲਾਂਭੇ ਕਰਨ ਲਈ ਇਕ ਰਾਸ਼ਟਰ ਵਿਆਪੀ ਮੁਹਿੰਮ ਵਿੱਢਣ ਦੀ ਅਪੀਲ ਕੀਤੀ ਹੈ।

ਅੱਜ ਇੱਥੋਂ ਜਾਰੀ ਬਿਆਨ ਵਿਚ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਦੇਸ਼, ਲੋਕਤੰਤਰ ਪ੍ਰਣਾਲੀ ਅਤੇ ਮੁਲਕ ਦੇ ਗਰੀਬਾਂ ਤੇ ਕਿਸਾਨਾਂ ਲਈ ਮਾਰੂ ਦੱਸਦਿਆਂ ਕਿਹਾ ਕਿ 26 ਮਈ ਨੂੰ ਦੇਸ਼ ਦੇ ਕਿਸਾਨ ਆਪਣੇ ਅੰਦੋਲਣ ਦੇ 6 ਮਹੀਨੇ ਪੂਰੇ ਹੋਣ ਤੇ ਕਾਲਾ ਦਿਵਸ ਮਨਾਉਣ ਲਈ ਮਜਬੂਰ ਹੋ ਰਹੇ ਹਨ। ਉਨਾਂ ਨੇ ਕਿਹਾ ਕਿ ਪੂਰਾ ਪੰਜਾਬ ਅਤੇ ਕਾਂਗਰਸ ਪਾਰਟੀ ਉਨਾਂ ਦੇ ਇਸ ਸੰਘਰਸ਼ ਦੇ ਨਾਲ ਖੜੀ ਹੈ ਅਤੇ ਅਸੀਂ ਉਨਾਂ ਦੇ ਜਜਬੇ ਨੂੰ ਸਲਾਮ ਕਰਦੇ ਹੋ ਜੋ ਨਾ ਕੇਵਲ ਕਿਸਾਨੀ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਬਲਕਿ ਉਹ ਇਸ ਦੇਸ਼ ਦੇ ਲੋਕਤੰਤਰ ਦੀ ਰਾਖੀ ਦੇ ਨਾਲ-ਨਾਲ ਇਸ ਦੇਸ਼ ਦੇ ਬਾਕੀ ਵਰਗਾਂ ਨੂੰ ਵੀ ਕਾਰਪੋਰੇਟੀ ਗਲਬੇ ਤੋਂ ਬਚਾਉਣ ਦੀ ਲੜਾਈ ਲੜ ਰਹੇ ਹਨ। ਉਨਾਂ ਕਿਹਾ, ‘‘ਸਾਡੀ ਪਾਰਟੀ ਦਾ ਪਹਿਲਾਂ ਤੋਂ ਇਹ ਮੰਨਣਾ ਰਿਹਾ ਹੈ ਕਿ ਇਹ ਲੜਾਈ ਲੰਬੀ ਚੱਲੇਗੀ ਇਸ ਲਈ ਇਸ ‘ਚ ਜਿੱਤ ਦਰਜ ਕਰਨ ਲਈ ਸਾਨੂੰ ਆਪਣੀ ਯੋਜਨਬੰਦੀ ਵੀ ਉਸੇ ਅਨੁਸਾਰ ਕਰਨੀ ਚਾਹੀਦੀ ਹੈ।’’

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਿਰਫ ਕਿਸਾਨਾਂ ਦਾ ਹੀ ਮੁੱਦਾ ਨਹੀਂ ਬਲਕਿ ਮੋਦੀ ਸਰਕਾਰ ਹਰ ਮੁਹਾਜ ਤੇ ਪੂਰੀ ਤਰਾਂ ਅਸਫਲ ਸਿੱਧ ਹੋਈ ਹੈ। ਉਨਾਂ ਨੇ ਕਿਹਾ ਕਿ ਕਰੋਨਾ ਦੇ ਇਸ ਬੁਰੇ ਵਕਤ ਵਿਚ ਭਾਜਪਾ ਸਰਕਾਰ ਨੇ ਲੋਕਾਂ ਨੂੰ ਉਸ ਮੁਹਾਜ ਤੇ ਖੜਾ ਕਰ ਦਿੱਤਾ ਜਿੱਥੇ ਜਿਉਂਦੇ ਰਹਿ ਜਾਣਾ ਹੀ ਉਨਾਂ ਨੂੰ ਵਿਕਾਸ ਵਿੱਖਣ ਲੱਗ ਜਾਵੇ। ਉਨਾਂ ਨੇ ਕਿਹਾ ਕਿ ਜਿਸ ਤਰਾਂ ਕੋਵਿਡ ਨਾਲ ਨੱਜਿਠਣ ਲਈ ਮੋਦੀ ਸਰਕਾਰ ਨਾਕਾਮ ਸਿੱਧ ਹੋਈ ਹੈ, ਕੌਮਾਂਤਰੀ ਪੱਧਰ ਤੇ ਦੇਸ਼ ਦੀ ਸ਼ਾਖ ਨੂੰ ਢਾਹ ਲੱਗੀ ਹੈ ਅਤੇ ਲੋਕ ਆਕਸੀਜਨ ਲਈ ਦਰ-ਦਰ ਭਟਕੇ ਹਨ, ਜਿਵੇਂ ਹਜਾਰਾਂ ਮਨੁੱਖੀ ਦੇਹਾਂ ਨੂੰ ਸਮਾਜਿਕ ਰਹੁ ਰੀਤਾਂ ਅਨੁਸਾਰ ਅੰਤਿਮ ਸਸਕਾਰ ਵੀ ਨਸੀਬ ਨਹੀਂ ਹੋ ਸਕੇ, ਉਸ ਸਭ ਕੁਝ ਨੇ ਇਸ ਸਰਕਾਰ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਅਜਿਹੀ ਗੈਰਸੰਵੇਦਨਸ਼ੀਲ ਸਰਕਾਰ ਨੂੰ ਸੱਤਾ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।

ਜਾਖੜ ਨੇ ਕਿਹਾ ਕਿ ਇਸ ਲਈ ਜਰੂਰੀ ਹੈ ਕਿ ਸਾਰੀਆਂ ਪਾਰਟੀਆਂ ਦੇਸ਼ ਦੇ ਸੰਘੀ ਢਾਂਚੇ, ਦੇਸ਼ ਦੇ ਗਰੀਬ ਅਤੇ ਕਿਸਾਨ ਦੀ ਹੋਂਦ ਲਈ ਖਤਰਾ ਬਣੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਲੋਕਤੰਤਰਿਕ ਤਰੀਕੇ ਨਾਲ ਹਟਾਉਣ ਲਈ ਇਕ ਵੱਡੀ ਮੁਹਿੰਮ ਦਾ ਅਗਾਜ ਕਰਨ ਤਾਂ ਜੋ ਦੇਸ਼, ਲੋਕਤੰਤਰ ਅਤੇ ਦੇਸ਼ ਦੇ ਕਿਸਾਨ ਨੂੰ ਇਸ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਬਚਾਇਆ ਜਾ ਸਕੇ। ਉਨਾਂ ਨੇ ਸੁਝਾਅ ਦਿੱਤਾ ਕਿ 30 ਮਈ ਨੂੰ ਮੋਦੀ ਸਰਕਾਰ ਦੇ 2 ਸਾਲ ਪੂਰੇ ਹੋ ਰਹੇ ਹਨ ਇਸ ਲਈ ਇਹ ਦਿਨ ਅਜਿਹੀ ਕਿਸੇ ਕੌਮੀ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਸਭ ਤੋਂ ਢੁਕਵਾਂ ਰਹੇਗਾ। ਇਸ ਲਈ ਉਨਾਂ ਨੇ ਕਿਹਾ ਇਸ ਮੁਹਿੰਮ ਦੀ ਅਗਵਾਈ ਲਈ ਸੋਨੀਆ ਗਾਂਧੀ ਸਭ ਤੋਂ ਢੁਕਵੇਂ ਆਗੂ ਹਨ ਅਤੇ ਉਨਾਂ ਦੀ ਅਪੀਲ ਹੈ ਕਿ ਗਾਂਧੀ ਇਸ ਸੰਕਟ ਦੇ ਸਮੇਂ ਵਿਚ ਦੇਸ਼ ਦੇ ਲੋਕਤੰਤਰ ਦੀ ਰਾਖੀ ਲਈ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਇਕ ਰਣਨੀਤੀ ਉਲੀਕਦੇ ਹੋਏ ਇਸ ਮੁਹਿੰਮ ਨੂੰ ਆਰੰਭ ਕਰਨ। ਉਨਾਂ ਨੇ ਕਿਹਾ ਕਿ ਇਹ ਸਿਰਫ ਕਾਲੇ ਖੇਤੀ ਕਾਨੂੰਨਾਂ ਦੀ ਹੀ ਗੱਲ ਨਹੀਂ ਹੈ, ਜੇਕਰ ਇਹ ਸਰਕਾਰ ਸੱਤਾ ‘ਚ ਬਣੀ ਰਹੇਗੀ ਤਾਂ ਇਸ ਦੇਸ਼ ਦਾ ਕੁਝ ਵੀ ਨਹੀਂ ਬਚੇਗਾ। ਇਸ ਲਈ ਸਭ ਨੂੰ ਦੇਸ਼ ਨੂੰ ਬਚਾਉਣ ਲਈ ਅਜਿਹੀ ਮੁਹਿੰਮ ਦੀ ਰੂਪਰੇਖਾ ਉਲੀਕ ਕੇ ਉਸ ‘ਤੇ ਕੰਮ ਕਰਨਾ ਚਾਹੀਦਾ ਹੈ।

- Advertisement -

Share this Article
Leave a comment