ਚੰਡੀਗੜ੍ਹ: ਕਿਸਾਨਾਂ ਦਾ ਅੰਦੋਲਨ ਹੁਣ ਵੱਡੇ ਵਪਾਰੀਆਂ ਖਿਲਾਫ ਵੀ ਨਿੱਤਰਦਾ ਜਾ ਰਿਹਾ ਹੈ। ਇੱਕ ਰਿਪੋਰਟ ਮੁਤਾਬਕ ਦਰਜਨਾਂ ਹੀ ਸਿਆਸੀ ਲੀਡਰਾਂ ਕੋਲ ਮੁਕੇਸ਼ ਅੰਬਾਨੀ ਦੇ ਪੈਟਰੋਲ ਪੰਪ ਹਨ। ਕਿਸਾਨਾਂ ਦੇ ਰੋਹ ਕਾਰਨ ਹੁਣ ਇਨ੍ਹਾਂ ਪੰਪਾਂ ਤੋਂ ਤੇਲ ਦੀ ਵਿਕਰੀ ਵੀ ਕਾਫੀ ਘੱਟ ਗਈ ਹੈ।
ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਇਸ ਵੇਲੇ ਰਿਲਾਇੰਸ ਦੇ ਦੋ ਪੈਟਰੋਲ ਪੰਪ ਹਨ। ਜ਼ਿਲ੍ਹਾ ਮੁਕਤਸਰ ਵਿੱਚ ਪਿੰਡ ਰੁਪਾਣਾ ਕੋਲ ਬਾਦਲ ਪਰਿਵਾਰ ਦਾ ਇੱਕ ਪੈਟਰੋਲ ਪੰਪ ਹੈ ਜਿੱਥੇ ਤੇਲ ਦੀ ਵਿਕਰੀ ਹੁਣ 500 ਲਿਟਰ ਘੱਟ ਗਈ ਹੈ। ਦੂਸਰਾ ਪੰਪ ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂੰਮਵਾਲੀ ਕੋਲ ਹੈ।
ਇਸ ਤੋਂ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਲੜਕੇ ਰਵੀ ਬਾਜਵਾ ਕੋਲ ਵੀ ਰਿਲਾਇੰਸ ਦਾ ਪੈਟਰੋਲ ਪੰਪ ਹੈ ਜੋ ਕੱਥੂਨੰਗਲ ਵਿਖੇ ਸਥਿਤ ਹੈ। ਇਸ ਦੇ ਨਾਲ ਹੀ ਸਾਬਕਾ ਮੰਤਰੀ ਰਮਨ ਭੱਲਾ ਦੇ ਪਰਿਵਾਰ ਕੋਲ ਵੀ ਗੁਰਦਾਸਪੁਰ ਦੇ ਪਿੰਡ ਸਰਨਾ ਵਿੱਚ ਰਿਲਾਇੰਸ ਦਾ ਪੈਟਰੋਲ ਪੰਪ ਹੈ। ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦਾ ਵੀ ਭਗਤਾ ਭਾਈਕੇ ਵਿਖੇ ਰਿਲਾਇੰਸ ਦਾ ਪੰਪ ਹੈ। ਇਸ ਪੰਪ ਦੇ ਮੈਨੇਜਰ ਨੇ ਦੱਸਿਆ ਕਿ ਡੀਜ਼ਲ ਦੀ ਵਿਕਰੀ 40 ਫ਼ੀਸਦੀ ਘੱਟ ਗਈ ਹੈ।
ਦੱਸ ਦਈਏ ਕਿ ਪੂਰੇ ਦੇਸ਼ ਵਿੱਚ ਰਿਲਾਇੰਸ ਕੰਪਨੀ ਦੇ 1394 ਪੈਟਰੋਲ ਪੰਪ ਹਨ, ਜਿਨ੍ਹਾਂ ਚੋਂ 50 ਪੈਟਰੋਲ ਪੰਪ ਹਰਿਆਣਾ ਵਿੱਚ ਵੀ ਹਨ।