ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਤੋਂ ਇਸ ਆਗੂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ‘ਚੋਂ ਕੱਢਿਆ

TeamGlobalPunjab
1 Min Read

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਦੇ ਆਗੂ ਅਮਿਤ ਰਤਨ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਵਿਚੋਂ ਕੱਢ ਦਿੱਤਾ ਹੈ। ਇਹ ਕਾਰਵਾਈ ਉਹਨਾਂ ਖਿਲਾਫ ਪਾਰਟੀ ਵਰਕਰਾਂ ਨਾਲ ਠੱਗੀ ਮਾਰਨ ਦੇ ਗੰਭੀਰ ਦੋਸ਼ ਲੱਗਣ ਮਗਰੋਂ ਕੀਤੀ ਗਈ ਹੈ।

ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੇ ਇਹ ਸ਼ਿਕਾਇਤਾਂ ਦਿੱਤੀਆਂ ਸਨ ਕਿ ਅਮਿਤ ਰਤਨ ਨੇ ਬਿਜ਼ਨਸ ਦੇ ਮੌਕੇ ਦੇਣ ਦੇ ਨਾਂ ‘ਤੇ ਉਹਨਾਂ ਨਾਲ ਠੱਗੀ ਮਾਰੀ ਹੈ।

ਇਹ ਸ਼ਿਕਾਇਤਾਂ ਮਿਲਣ ਮਗਰੋਂ ਪਾਰਟੀ ਪ੍ਰਧਾਨ ਨੇ ਇਕ ਤੱਥ ਖੋਜੂ ਕਮੇਟੀ ਦਾ ਗਠਨ ਕੀਤਾ ਜਿਸ ਵਿਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਤੇ ਸਰੂਪ ਚੰਦ ਸਿੰਗਲਾ ਸ਼ਾਮਲ ਸਨ। ਇਸ ਕਮੇਟੀ ਨੇ ਵਿਸਥਾਰਿਤ ਜਾਂਚ ਕੀਤੀ ਤੇ ਪਾਰਟੀ ਪ੍ਰਧਾਨ ਨੂੰ ਆਪਣੀ ਰਿਪੋਰਟ ਸੌਂਪੀ ਜਿਸ ਵਿਚ ਪਾਇਆ ਗਿਆ ਕਿ ਅਮਿਤ ਰਤਨ ਖਿਲਾਫ ਲੱਗੇ ਦੋਸ਼ ਸਹੀ ਹਨ ਤੇ ਕਮੇਟੀ ਨੇ ਰਤਨ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ।

- Advertisement -

ਅਮਿਤ ਰਤਨ ਦੀਆਂ ਅਜਿਹੀ ਗੈਰ ਕਾਨੂੰਨੀ ਤੇ ਅਨੈਤਿਕ ਗਤੀਵਿਧੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਪਾਰਟੀ ਪ੍ਰਘਾਨ ਨੇ ਉਹਨਾਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਵਿਚੋਂ ਕੱਢਣ ਦਾ ਫੈਸਲਾ ਕੀਤਾ ਹੈ।

Share this Article
Leave a comment