ਸੁਖਬੀਰ ਬਾਦਲ ਨੇ ਯੂਥ ਅਕਾਲੀ ਦਲ ਦੀ ਵਿਸ਼ਵ ਭਰ ‘ਚ ਭਰਤੀ ਮੁਹਿੰਮ ਦਾ ਕੀਤਾ ਆਗਾਜ਼

Global Team
5 Min Read

ਲੁਧਿਆਣਾ, 14 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਯੂਥ ਅਕਾਲੀ ਦਲ ਦੀ ਵਿਸ਼ਵ ਭਰ ਵਿਚ ਭਰਤੀ ਦੀ ਮੁਹਿੰਮ ਦਾ ਆਗਾਜ਼ ਇਥੇ ’ਪੰਜਾਬ ਦੀ ਸ਼ਾਨ, ਸਾਡੇ ਨੌਜਵਾਨ ਪ੍ਰੋਗਰਾਮ’ ਦੇ ਨਾਂ ਹੇਠ ਕੀਤਾ ਜਿਸਦਾ ਮਕਸਦ ਨੌਜਵਾਨਾਂ ਨੂੰ ਹਰ ਪੱਧਰ ’ਤੇ ਚੋਣਾਂ ਵਿਚ ਪ੍ਰਤੀਨਿਧਤਾ ਦੇਣਾ ਹੈ।

ਇਹ ਪ੍ਰੋਗਰਾਮ ਜੋ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ, ਨੂੰ ਨੌਜਵਾਨ ਵਰਗ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਤੇ ਨੌਜਵਾਨ ਵਰਗ ਨੇ ਅਕਾਲੀ ਦਲ ਵੱਲੋਂ ਨੌਜਵਾਨਾਂ ਨੂੰ ਪਾਰਟੀ ਦੀ ਫੈਸਲਾ ਲੈਣ ਦੀ ਪ੍ਰਕਿਰਿਆ ਤੇ ਚੋਣ ਰਾਜਨੀਤੀ ਵਿਚ ਸ਼ਾਮਲ ਕਰਵਾਉਣ ਦੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਫੈਸਲਾ ਲਿਆ ਹੈ ਕਿ ਨੌਜਵਾਨਾਂ ਨੂੰ ਸਾਰੇ ਅਹੁਦਿਆਂ ’ਤੇ 50 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ ਤੇ ਮੈਰਿਟ ਦੇ ਆਧਾਰ ’ਤੇ ਅਹੁਦੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਜਿਹੜੇ ਨੌਜਵਾਨਾਂ ਦੀ ਸਿਫਾਰਸ਼ ਨਾਲ 250 ਮੈਂਬਰ ਭਰਤੀ ਕੀਤੇ ਜਾਣਗੇ ਉਹਨਾਂ ਨੂੰ ਯੂਥ ਡੈਲੀਗੇਟ ਨਿਯੁਕਤ ਕੀਤਾ ਜਾਵੇਗਾ। ਇਹ ਡੈਲੀਗੇਟ ਜ਼ਿਲ੍ਹਾ ਪ੍ਰਧਾਨਾਂ ਸਮੇਤ ਯੂਥ ਅਕਾਲੀ ਦਲ ਦੀ ਜਥੇਬੰਦੀ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਅਦਾ ਕਰਨਗੇ ਤੇ ਉਹੀ ਨੌਜਵਾਨ ਜ਼ਿਲ੍ਹਾ ਪ੍ਰਧਾਨ ਬਣਾਏ ਜਾਣਗੇ ਜੋ 2000 ਤੋਂ ਵੱਧ ਮੈਂਬਰ ਆਪਣੀ ਸਿਫਾਰਸ਼ ’ਤੇ ਬਣਵਾਉਣਗੇ।
ਉਹਨਾਂ ਕਿਹਾ ਕਿ ਇਹ ਭਰਤੀ ਮੁਹਿੰਮ ਇਸ ਸਾਲ 31 ਦਸੰਬਰ ਤੱਕ ਪੂਰੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਭਰਤੀ ਮੁਹਿੰਮ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਚਲਾਈ ਜਾਵੇਗੀ ਤਾਂ ਜੋ ਸਾਰੇ ਦੇਸ਼ਾਂ ਜਿਥੇ ਪੰਜਾਬੀ ਵੱਡੀ ਗਿਣਤੀ ਵਿਚ ਰਹਿੰਦੇ ਹਨ, ਦੇ ਨੌਜਵਾਨ ਵੀ ਅਕਾਲੀ ਦਲ ਦਾ ਹਿੱਸਾ ਬਣ ਸਕਣ ਤੇ ਯੂਥ ਅਕਾਲੀ ਦਲ ਦੀਆਂ ਟੀਮਾਂ ਬਣਾਈਆਂ ਜਾ ਸਕਣ। ਉਹਨਾਂ ਕਿਹਾ ਕਿ ਸਿਰਫ ਉਹੀ ਨੌਜਵਾਨ ਜ਼ਿਲ੍ਹਾ ਪ੍ਰਧਾਨਾਂ ਦੇ ਅਹੁਦੇ ਵਾਸਤੇ ਵਿਚਾਰੇ ਜਾਣਗੇ ਜਿਹਨਾਂ ਦੀ ਉਮਰ 35 ਸਾਲ ਤੱਕ ਹੋਵੇਗੀ ਤੇ ਸੂਬਾ ਪ੍ਰਧਾਨਗੀ ਲਈ ਉਮਰ ਹੱਦ 40 ਸਾਲ ਹੋਵੇਗੀ।

ਸਰਦਾਰ ਬਾਦਲ ਨੇ ਕਿਹਾ ਕਿ ਜਿਹੜੇ ਨੌਜਵਾਨ ਸੰਗਠਨ ਵਿਚ ਆਪਣੀ ਕਾਬਲੀਅਤ ਸਾਬਤ ਕਰਨਗੇ, ਉਹਨਾਂ ਨੂੰ ਪਾਰਟੀ ਵੱਲੋਂ ਸਥਾਨਕ ਚੋਣਾਂ ਦੇ ਨਾਲ-ਨਾਲ ਕਮੇਟੀ ਤੇ ਨਿਗਮ ਚੋਣਾਂ ਵਾਸਤੇ ਵੀ ਟਿਕਟਾਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਇਸ ਵੇਲੇ ਯੂਥ ਅਕਾਲੀ ਦਲ ਦੇ 35 ਸਾਬਕਾ ਆਗੂ ਅਕਾਲੀ ਦਲ ਦੇ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਹਨ। ਉਹਨਾਂ ਐਲਾਨ ਕੀਤਾ ਕਿ ਲੋਕ ਸਭਾ ਚੋਣਾਂ ਵਿਚ ਵੀ ਨੌਜਵਾਨਾਂ ਨੂੰ ਵੱਡੀ ਭੂਮਿਕਾ ਦਿੱਤੀ ਜਾਵੇਗੀ ਅਤੇ ਹਰ ਲੋਕ ਸਭਾ ਸੀਟ ਲਈ ਤਿੰਨ ਸੀਨੀਅਰ ਮੀਤ ਪ੍ਰਧਾਨ, ਤਿੰਨ ਮੀਤ ਪ੍ਰਧਾਨ ਤੇ ਤਿੰਨ ਜਨਰਲ ਸਕੱਤਰ ਨਿਯੁਕਤ ਕੀਤੇ ਜਾਣਗੇ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 2.5 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਸਨ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਕਾਰਜਕਾਲ ਵੇਲੇ 13 ਨਵੀਂਆਂ ਯੂਨੀਵਰਸਿਟੀਆਂ, 30 ਨਵੇ਼ ਕਾਲਜ ਤੇ ਆਈ ਆਈ ਟੀ ਰੋਪੜ, ਆਈ ਆਈ ਐਮ ਅੰਮ੍ਰਿਤਸਰ ਤੇ ਆਈਸਰ ਮੁਹਾਲੀ ਵਰਗੀਆਂ ਚੰਗੀਆਂ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ।

ਉਹਨਾਂ ਕਿਹਾ ਕਿ ਭਾਰਤੀ ਫੌਜ ਵਿਚ ਅਫਸਰ ਵਜੋਂ ਸ਼ਾਮਲ ਹੋਣ ਵਾਸਤੇ ਨੌਜਵਾਨਾਂ ਨੂੰ ਤਿਆਰ ਕਰਨ ਲਈ ਦੋ ਪ੍ਰੀਪਰੇਟਰੀ ਸੰਸਥਾਵਾਂ ਖੋਲ੍ਹੀਆਂ ਗਈਆਂ ਤੇ 7 ਹਾਕੀ ਸਟੇਡੀਅਮ ਬਣਾਏ ਗਏ ਤੇ 21 ਮਲਟੀਪਰਪਜ਼ ਸਟੇਡੀਅਮ ਸਥਾਪਿਤ ਕੀਤੇ ਗਏ ਤਾਂ ਜੋ ਸੂਬੇ ਵਿਚ ਖੇਡਾਂ ਪ੍ਰਫੁੱਲਤ ਹੋ ਸਕਣ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਕਬੱਡੀ ਨੂੰ ਵਿਸ਼ਵ ਦੇ ਨਕਸ਼ੇ ’ਤੇ ਲਿਆਂਦਾ।

ਸਰਦਾਰ ਬਾਦਲ ਨੇ ਇਹਵੀ ਦੱਸਿਆ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਕਿਵੇਂ ਨੌਜਵਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਨਾਲ-ਨਾਲ ਰੋਜ਼ਗਾਰ ਸਿਰਜਣ ਤੇ ਨੌਜਵਾਨਾਂ ਵਾਸਤੇ ਉਦਮ ਦੇ ਮੌਕੇ ਸਿਰਜਣ ਵਾਸਤੇ ਖਾਕਾ ਤਿਆਰ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਨੌਜਵਾਨ ਵਰਗ ਮੁਹਾਰਤ ਹਾਸਲ ਕਰ ਕੇ ਜ਼ਿੰਦਗੀ ਵਿਚ ਮੋਹਰੀ ਰਹਿ ਸਕਣਗੇ।

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਕਿਵੇਂ ਯੂਥ ਅਕਾਲੀ ਦਲ ਸੂਬੇ ਦੀਆਂ ਅਮੀਰ ਰਵਾਇਤਾਂ ਤੇ ਸਭਿਆਚਾਰ ਦੀ ਸੁਰਜੀਤੀ ਵਾਸਤੇ ਸਾਰੇ ਜ਼ਿਲ੍ਹਿਆਂ ਵਿਚ ਮੇਰੀ ਦਸਤਾਰ ਮੇਰੀ ਸ਼ਾਨ ਕੈਂਪ ਲਗਾ ਰਿਹਾਹੈ। ਉਹਨਾਂ ਇਹ ਵੀ ਦੱਸਿਆਕਿ ਯੂਥ ਅਕਾਲੀ ਦਲ ਕਿਵੇਂ ਪੰਜਾਬੀ ਤੇ ਪੰਜਾਬੀਅਤ ’ਤੇ ਜ਼ੋਰ ਦੇ ਰਿਹਾ ਹੈ ਤੇ ਸਾਰੇ ਪ੍ਰੋਗਰਾਮਾਂ ਵਿਚ ਹਰ ਵਰਗ ਨੂੰ ਨਾਲ ਲੈ ਰਿਹਾ ਹੈ।

Share This Article
Leave a Comment