ਮੁਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵੈਕਸੀਨ ਅਤੇ ਫਤਿਹ ਕਿੱਟ ਘੁਟਾਲੇ ਦੀ ਪ੍ਰਧਾਨਗੀ ਕਰਨ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਬਰਖ਼ਾਸਤ ਕੀਤੇ ਜਾਣ ਦੀ ਮੰਗ ਕੀਤੀ ਤੇ ਜ਼ੋਰ ਦੇ ਕੇ ਕਿਹਾ ਕਿ ਜੇਕਰ 15 ਜੂਨ ਤੱਕ ਉਹਨਾਂ ਨੂੰ ਬਰਖ਼ਾਸਤ ਨਾ ਕੀਤਾ ਗਿਆ ਤਾਂ ਫਿਰ ਅਕਾਲੀ ਦਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰੇਗਾ।
ਅਕਾਲੀ ਦਲ ਦੇ ਪ੍ਰਧਾਨ ਇਥੇ ਸਿਹਤ ਮੰਤਰੀ ਦੀ ਰਿਹਾਇਸ਼ ਨੇੜੇ ਦੋ ਘੰਟੇ ਦਾ ਸੰਕੇਤਕ ਧਰਨਾ ਦੇ ਰਹੇ ਸਨ। ਕੋਰੋਨਾ ਹਾਲਾਤਾਂ ਕਾਰਨ ਇਸ ਧਰਨੇ ਵਿਚ ਵਿਧਾਇਕਾਂ, ਸਾਬਕਾ ਵਿਧਾਇਕਾਂ, ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਹੀ ਸ਼ਮੂਲੀਅਤ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਵੈਕਸੀਨ ਘੁਟਾਲੇ ਲਈ ਪੰਜਾਬ ਦੇ ਲੋਕਾਂ ਵਾਸਤੇ ਨਿਆਂ ਹਾਸਲ ਕਰਨ ਵਾਸਤੇ ਲੜਦੇ ਰਹਾਂਗੇ ਕਿਉਂਕਿ ਕਾਂਗਰਸ ਸਰਕਾਰ ਨੇ ਆਮ ਲੋਕਾਂ ਨੂੰ ਮੁਫਤ ਵੈਕਸੀਨ ਦੇਣ ਦੀ ਥਾਂ ’ਤੇ ਮੋਟੇ ਮੁਨਾਫੇ ਕਮਾ ਕੇ ਇਹ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਦਿੱਤੀਆਂ ਅਤੇ ਉਹਨਾਂ ਨੁੰ ਵੀ ਲੋਕਾਂ ਨੂੰ ਲੁੱਟਣ ਦੀ ਆਗਿਆ ਦਿੱਤੀ। ਉਹਨਾਂ ਕਿਹਾ ਕਿ ਇਹ ਲੋਕਾਂ ਦੀ ਜਾਨ ਨਾਲ ਖੇਡਣ ਬਰਾਬਰ ਹੈ ਤੇ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਬਲਬੀਰਸਿੱਧੂ ਇਸ ਭ੍ਰਿਸ਼ਟ ਕੰਮ ਲਈ ਸਿੱਧੇਤੌਰ ’ਤੇ ਜ਼ਿੰਮੇਵਾਰ ਹਨ ਅਤੇ ਜੇਕਰ ਉਹਨਾਂ ਨੂੰ ਬਰਖ਼ਾਸਤ ਨਾ ਕੀਤਾ ਗਿਆ ਤਾਂ ਫਿਰ ਅਸੀਂ ਰਾਜਪਾਲ ਦੇ ਨਾਲ ਅਦਾਲਤਾਂ ਤੱਕ ਵੀ ਪਹੁੰਚ ਕਰਾਂਗੇ।
ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਬਲਬੀਰ ਸਿੱਧੂ ਇਕ ਤੋਂ ਬਾਅਦ ਇਕ ਘੁਟਾਲਾ ਕਰ ਰਹੇ ਹਨ। ਉਹਨਾਂ ਨੇ ਇਸ ਮੌਕੇ ਕਾਂਗਰਸ ਸਰਕਾਰ ਦੇ ਫਤਿਹ ਕਿੱਟ ਘੁਟਾਲੇ ਤੋਂ ਵੀ ਪਰਦਾ ਚੁੱਕਿਆ ਤੇ ਦੱਸਿਆ ਕਿ ਇਸ ਘੁਟਾਲੇ ਵਿਚ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਸਪਲਾਈ ਕੀਤੀ ਜਾਣ ਵਾਲੀ ਫਤਿਹ ਕਿੱਟ ਦੀ ਕੀਮਤ ਦਾ ਘੁਟਾਲਾ ਕੀਤਾ ਗਿਆ ਤੇ ਇਸ ਵਾਸਤੇ ਵਾਰ ਵਾਰ ਟੈਂਡਰ ਲਗਾਇਆ ਗਿਆ ਭਾਵੇਂ ਪਹਿਲਾ ਟੈਂਡਰ ਛੇ ਮਹੀਨਿਆਂ ਲਈ ਵੈਧ ਹੁੰਦਾ ਹੈ।
ਵੇਰਵੇ ਸਾਂਝੇ ਕਰਦਿਆਂ ਬਾਦਲ ਨੇ ਦੱਸਿਆ ਕਿ ਅਸਲ ਟੈਂਡਰ ਸੰਗਤ ਮੈਡੀਕਲ ਸਟੋਰ ਨੇ 837 ਰੁਪਏ ਪ੍ਰਤੀ ਕਿੱਟ ਦਾ ਭਾਅ ਦੇ ਕੇ ਲਿਆ ਸੀ ਪਰ ਬਿਨਾਂ ਕਾਰਨ ਦੱਸਿਆਂ ਟੈਂਡਰ 3 ਅਪ੍ਰੈਲ ਨੂੰ 940 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਦੂਜੇ ਮੈਡੀਕਲ ਸਟੋਰ ਨੂੰ ਦੇ ਦਿੱਤਾ ਗਿਆ। ਉਹਨਾਂ ਦੱਸਿਆ ਕਿ ਭਾਵੇਂ ਕਿ 3.5 ਲੱਖ ਕਿੱਟਾਂ ਦੀ ਸਪਲਾਈ ਲਈ ਇਹ ਟੈਂਡਰ ਵੈਧ ਸੀ ਪਰ ਸਰਕਾਰ ਨੇ 20 ਅਪ੍ਰੈਲ ਨੂੰ ਮੁੜ ਟੈਂਡਰ ਮੰਗ ਲਏ ਤੇ ਉਹੀ ਫਤਿਹ ਕਿੱਟ 1226 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਗਰੈਂਡਵੇਅ ਇਨਕਾਰਪੋਰੇਸ਼ਨ ਨੂੰ ਦੇ ਦਿੱਤਾ। ਉਹਨਾਂ ਦੱਸਿਆ ਕਿ ਬਲਬੀਰ ਸਿੱਧੂ Çੲਥੇ ਹੀ ਨਹੀਂ ਰੁਕੇ ਬਲਕਿ ਇਕ ਵਾਰ ਫਿਰ ਤੋਂ ਗਰੈਂਡਵੇਅ ਨੁੰ 1338 ਰੁਪਏ ਪ੍ਰਤੀ ਫਤਿਹ ਕਿੱਟ ਦੇ ਹਿਸਾਬ ਨਾਲ ਸਪਲਾਈ ਦਾ ਆਰਡਰ ਦੇ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਸੁੱਕਾ ਸੌਦਾ ਹੈ ਜੋ ਭ੍ਰਿਸ਼ਟਾਚਾਰ ਦੀ ਮਿਸਾਲ ਹੈ। ਉਹਨਾਂ ਕਿਹਾ ਕਿ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਗਰੈਂਡਵੇਅ ਯੋਗਤਾ ਪੂਰੀ ਨਹੀਂ ਕਰਦੀ ਕਿਉਂਕਿ ਉਸ ਕੋਲ ਮੈਡੀਕਲ ਲਾਇਸੰਸ ਨਹੀਂ ਹੈ ਪਰ ਫਿਰ ਉਸਨੂੰ ਸਰਕਾਰ ਨੂੰ ਕਿੱਟਾਂ ਸਪਲਾਈ ਕਰਨ ਵਾਸਤੇ ਚੁਣਿਆ ਗਿਆ। ਉਹਨਾਂ ਕਿਹਾ ਕਿ ਅਸੀਂ ਇਸ ਘੁਟਾਲੇ ਦੀ ਨਿਰਪੱਖ ਜਾਂਚ ਤੇ ਦੋਸ਼ੀਆਂ ਨੁੰ ਮਿਸਾਲੀ ਸਜ਼ਾ ਦਿੱਤੇ ਜਾਣ ਦੀ ਮੰਗ ਕਰਦੇ ਹਾਂ।
ਅਕਾਲੀ ਦਲ ਦੇ ਪ੍ਰਧਾਨ ਨੇ ਇਸ ਮੌਕੇ ਮੁੱਖਮੰਤਰੀ ਨੂੰ ਵੀ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਇਕ ਫੌਜੀ ਜੰਗ ਦੇ ਮੈਦਾਨ ਵਿਚ ਹਮੇਸ਼ਾ ਮੂਹਰੇ ਹੋ ਕੇ ਲੜਦਾ ਹੈ ਤੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ ਤੇ ਕੈਪਟਨ ਅਮਰਿੰਦਰ ਸਿੰਘ ਵਾਂਗ ਘਰ ਲੁਕ ਕੇ ਨਹੀਂ ਬਹਿੰਦਾ।
ਉਹਨਾਂ ਕਿਹਾ ਕਿ ਪੰਜਾਬੀ ਇਸ ਗੱਲ ਤੋਂ ਹੈਰਾਨ ਨ ਕਿ ਮੁੱਖ ਮੰਤਰੀ ਦਵਾਈਆਂ ਦੀ ਖਰੀਦ ਲਈ ਇਕ ਵੀ ਪੈਸਾ ਖਰਚਣ ਲਈ ਤਿਆਰ ਨਹੀਂ ਹ ਨ ਪਰ ਉਹਨਾਂ ਨੇ ਆਪਣੀ ਪਬਲੀਸਿਟੀ ਵਾਸਤੇ 150 ਕਰੋੜ ਰੁਪਏ ਖਰਚ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਿਚ 15000 ਲੋਕਾਂ ਦੀ ਕੋਰੋਨਾ ਮਹਾਮਾਰੀ ਨਾਲ ਮੌਤ ਹੋਣ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਤੇ ਕਿਹਾ ਕਿ ਇਹ ਮੌਤ ਦਰ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਦਵਾਈਆਂ, ਆਕਸੀਜ਼ਨ ਤੇ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ ਤੋਂ ਨਾਂਹ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸਰਕਾਰ ਉਹਨਾਂ ਪ੍ਰਾਈਵੇਟ ਹਸਪਤਾਲਾਂ ਨੁੰ ਨਕੇਲ ਪਾਉਣ ਵਿਚ ਨਾਕਾਮ ਰਹੀ ਹੈ ਜਿਹਨਾਂ ਨੇ ਮਰੀਜ਼ਾਂ ਤੋਂ ਹਸਪਤਾਲ ਬੈਡ ਲਈ ਰੋਜ਼ਾਨਾ 25 ਹਜ਼ਾਰ ਰੁਪਏ ਤੱਕ ਵਸੂਲ ਕੇ ਉਹਨਾਂ ਨੂੰ ਲੁੱਟਿਆ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਸੂਬੇ ਦੇ ਸਾਰੇ ਬਲਾਕਾਂ ਵਿਚ ਕੋਰੋਨਾ ਕੇਅਰ ਸੈਂਅਰ ਖੋਲ੍ਹਣ ਅਤੇ 1000 ਕਰੋੜ ਰੁਪਏ ਨਾਲ ਵੈਕਸੀਨ ਖਰੀਦ ਕੇ ਅਗਲੇ ਛੇ ਮਹੀਨਿਆਂ ਵਿਚ ਸਾਰਿਆਂ ਨੁੰ ਲਗਾਉਣ ਦੀਆਂ ਕੀਤੀਆਂ ਅਪੀਲਾਂ ’ਤੇ ਗੌਰ ਹੀ ਨਹੀਂ ਕਰ ਰਹੇ।
ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਈ ਹੈ ਤੇ ਲੋਕਾਂ ਨੂੰ ਆਕਸੀਜ਼ਨ ਸੇਵਾ ਦੇ ਨਾਲ ਨਾਲ ਲੰਗਰ ਸੇਵਾ ਪ੍ਰਦਾਨ ਕੀਤੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮੌਕੇ ਖਰੀ ਉਤਰੀ ਹੈ ਤੇ ਕਈ ਥਾਵਾਂ ’ਤੇ ਕੋਰੋਨਾ ਕੇਅਰ ਸੈਂਟਰ ਖੋਲ੍ਹੇ ਹਨ।