ਮੁੱਖ ਮੰਤਰੀ ਲੋਕਾਂ ਦੀਆਂ ਮੁਸ਼ਕਿਲਾਂ ਘੱਟ ਕਰਨ ਵਾਸਤੇ ਦਰੁੱਸਤੀ ਭਰੇ ਕਦਮ ਚੁੱਕਣ: ਸੁਖਬੀਰ ਸਿੰਘ ਬਾਦਲ ਨੇ ਕੀਤੀ ਅਪੀਲ

Global Team
4 Min Read

ਫਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਬਜਾਏ ਪ੍ਰਾਪੇਗੰਡਾ ਕਰਨ ਦੇ ਉਹ ਲੋਕਾਂ ਦੀਆਂ ਮੁਸ਼ੀਕਲਾਂ ਘਟਾਉਣ ਵਾਸਤੇ ਤੁਰੰਤ ਦਰੁੱਸਤੀ ਭਰੇ ਕਦਮ ਚੁੱਕਣ ਨਾ ਕਿ ਇਹ ਪ੍ਰਭਾਵ ਦੇਣ ਦਾ ਯਤਨ ਕਰਨ ਕਿ ਲੋਕਾਂ ਦੇ ਘਰਾਂ ਅਤੇ ਖੇਤਾਂ ਦੇ ਹੋਏ ਨੁਕਸਾਨ ਦੀ ਪੂਰਤੀ ਕਰ ਦਿੱਤੀ ਗਈ ਹੈ।

ਇਥੇ ਫਿਰੋਜ਼ਪਰ ਸ਼ਹਿਰੀ ਹਲਕੇ ਵਿਚ ਬਸਤੀ ਰਾਮ ਲਾਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੈਂ ਰਾਜਨੀਤੀ ਵਿਚ ਨਹੀਂ ਪੈਣਾ ਚਾਹੁੰਦਾ। ਉਹਨਾਂ ਕਿਹਾ ਕਿ ਮੇਰਾ ਸਿਰਫ ਮੁੱਦਾ ਇਹ ਹੈ ਕਿ ਭਾਰੀ ਬਰਸਾਤਾਂ ਤੇ ਆਏ ਹੜ੍ਹਾਂ ਦੇ ਕਾਰਨ ਜਿਹਨਾਂ ਦਾ ਨੁਕਸਾਨ ਹੋਇਆ, ਉਹਨਾਂ ਨੂੰ ਸਮੇਂ ਸਿਰ ਰਾਹਤ ਮਿਲੇ। ਉਹਨਾਂ ਕਿਹਾ ਕਿ ਪਿਛਲੇ 3 ਦਿਨਾਂ ਵਿਚ ਜਿਥੇ ਵੀ ਮੈਂ ਗਿਆ ਹਾਂ ਲੋਕਾਂ ਨੇ ਮੈਨੂੰ ਦੱਸਿਆ ਹੈ ਕਿ ਸਰਕਾਰੀ ਮਸ਼ੀਨਰੀ ਉਹਨਾਂ ਦੀ ਮਦਦ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪ ਹੜ੍ਹਾਂ ਨਾਲ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰਨਾ ਚਾਹੀਦਾ ਸੀ ਤਾਂ ਜੋ ਸਿਵਲ ਪ੍ਰਸ਼ਾਸਨ ਵੀ ਸਰਗਰਮੀ ਫੜਦਾ।

ਸਰਦਾਰ ਸੁਖਬੀਰ ਬਾਦਲ, ਜਿਹਨਾਂ ਨੇ ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ ਤੇ ਗੁਰੂ ਹਰਿਸਹਾਏ ਹਲਕਿਆਂ ਦਾ ਦੌਰਾ ਕੀਤਾ, ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਕਾਰ ਲੋਕਾਂ ਦੀਆਂ ਆਮ ਲੋੜਾਂ ਦੀ ਪੂਰਤੀ ਕਰਨ ਵਿਚ ਵੀ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਪੀਣ ਵਾਲੇ ਪਾਣੀ, ਸੁੱਕੇ ਰਾਸ਼ਨ, ਦੁੱਧ ਤੇ ਦੁਧਾਰੂ ਪਸ਼ੂਆਂ ਵਾਸਤੇ ਹਰੇ ਚਾਰੇ ਦੀ ਬਹੁਤ ਘਾਟ ਹੈ। ਉਹਨਾਂ ਕਿਹਾ ਕਿ ਮੈਂ ਵੇਖਿਆਹੈ ਕਿ ਔਰਤਾਂ ਦਰਦ ਨਾਲ ਕੁਰਲਾ ਰਹੀਆਂ ਹਨ ਕਿਉਂਕਿ ਉਹਨਾਂ ਨੂੰ ਮੈਡੀਕਲ ਸਹਾਇਤਾ ਨਹੀਂ ਮਿਲੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀਹੈ ਤੇ ਹਾਲਾਤਾਂ ਨੂੰ ਤੁਰੰਤ ਦਰੁੱਸਤ ਕਰਨ ਵਾਸਤੇ ਕਦਮ ਚੁੱਕਣੇ ਚਾਹੀਦੇ ਹਨ ਨਾ ਕਿ ਚੰਡੀਗੜ੍ਹ ਵਿਚ ਬੈਠ ਕੇ ਇਹ ਪ੍ਰਭਾਵ ਦੇਣ ਦਾ ਯਤਨ ਕਰਨਾ ਚਾਹੀਦਾਹੈਕਿ ਸਭ ਠੀਕ ਹੈ।

ਸਰਦਾਰ ਬਾਦਲ, ਜਿਹਨਾਂ ਨੇ ਪਾਕਿਸਤਾਨ ਨਾਲ ਲੱਗਦੀ ਕੰਡਿਆਲੀ ਤਾਰ ਦੇ ਇਲਾਕਿਆਂ ਦਾ ਵੀ ਦੌਰਾਕੀਤਾ, ਨੇ ਕਿਹਾ ਕਿ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਹਨ ਕਿ ਆਪ ਦੇ ਐਮ ਪੀ ਦੇ ਕਹਿਣ ’ਤੇ ਹਰੀਕੇ ਦੇ ਫਲੱਡ ਗੇਟ ਖੋਲ੍ਹੇ ਗਏ ਜਿਸ ਕਾਰਨ ਇਸਦੇ ਹੇਠਲੇ ਪਾਸੇ ਦੇ ਪਿੰਡਾਂ ਵਿਚ ਹੜ੍ਹ ਆ ਗਿਆ। ਉਹਨਾਂ ਕਿਹਾ ਕਿ ਹਰੀਕੇ ਤੋਂ 2.17 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਅਤੇ ਇੰਨੇ ਹੀ ਪਾਣੀ ਨੇ ਹੁਸੈਨੀਵਾਲਾ ਵਿਚ ਪਿੰਡਾਂ ਵਿਚ ਖੇਤਾਂ ਵਿਚ ਹੜ੍ਹ ਲਿਆ ਦਿੱਤਾ ਤੇ ਇਲਾਕੇ ਵਿਚ ਝੋਨੇ ਦੀ ਫਸਲ ਤਬਾਹ ਕਰ ਦਿੱਤੀ।

ਉਹਨਾਂ ਕਿਹਾ ਕਿ ਇਸੇ ਤਰੀਕੇ ਲੋਕਾਂ ਵਿਚ ਇਸ ਗੱਲ ਦਾ ਰੋਸ ਹੈ ਕਿ ਗਰਮੀ ਦੇ ਮੌਸਮ ਵਿਚ ਲੋੜ ਪੈਣ ’ਤੇ ਉਹਨਾਂ ਵਾਸਤੇ ਹਰੀਕੇ ਤੋਂ ਪਾਣੀ ਨਹੀਂ ਛੱਡਿਆ ਜਾਂਦਾ ਬਲਕਿ ਰਾਜਸਥਾਨ ਨੂੰ ਦੇ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਹੁਣ ਜਦੋਂ ਪਾਣੀ ਵਾਧੂ ਹੋ ਗਿਆ ਹੈ ਤਾਂ ਉਸਨੂੰ ਛੱਡ ਕੇ ਪੰਜਾਬ ਦੇ ਪਿੰਡਾਂ ਵਿਚ ਹੜ੍ਹ ਲਿਆ ਦਿੱਤਾ ਹੈ ਜਦੋਂ ਕਿ ਰਾਜਸਥਾਨ ਨਹਿਰ ਬੰਦ ਕੀਤੀ ਹੋਈ ਹੈ।

ਉਹਨਾਂ ਨੇ ਫਿਰੋਜ਼ਪੁਰ ਦਿਹਾਤੀ ਜ਼ਿਲ੍ਹੇ ਦੇ ਮਹਿਤਾਬ ਸਿੰਘ ਗੱਤੀ ਦੇ ਹੜ੍ਹ ਪ੍ਰਭਾਵਤ ਪਿੰਡਾਂ ਦਾ ਵੀ ਦੌਰਾ ਕੀਤਾ ਜਿਥੇ ਪੁੱਲ ਦਾ ਨੁਕਸਾਨ ਹੋਇਆ ਹੈ। ਉਹਨਾਂ ਨੇ ਉਸਦੀ ਮੁਰੰਮਤ ਵਾਸਤੇ ਆਪਣੇ ਕੋਲੋਂ 1 ਲੱਖ ਰੁਪਏ ਨਿੱਜੀ ਫੰਡ ਦੇਣ ਦਾ ਐਲਾਨ ਵੀ ਕੀਤਾ ਅਤੇ ਨਾਲ ਹੀ ਆਪਣੇ ਐਮ ਪੀ ਲੈਡ ਫੰਡਾਂ ਵਿਚੋਂ ਸੜਕ ਦੀ ਮੁਰੰਮਤ ਵਾਸਤੇ ਫੰਡ ਦੇਣ ਦਾ ਵੀ ਐਲਾਨ ਕੀਤਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਉਹ ਇਲਾਕੇ ਵਿਚ ਆਵਾਜਾਈ ਵਾਸਤੇ ਕਿਸ਼ਤੀ ਖਰੀਦਣ ਵਾਸਤੇ ਵੀ ਫੰਡ ਪ੍ਰਦਾਨ ਕਰਨਗੇ।

Share This Article
Leave a Comment